ਟਰਾਲੀਆਂ ਰੋਕਣ ਤੋਂ ਪੁਲੀਸ ਨਾਲ ਖਹਿਬੜੇ ਕਿਸਾਨ

ਟਰਾਲੀਆਂ ਰੋਕਣ ਤੋਂ ਪੁਲੀਸ ਨਾਲ ਖਹਿਬੜੇ ਕਿਸਾਨ

ਇੱਥੋਂ ਦੀ ਦਾਣਾ ਮੰਡੀ ਵਿੱਚ ਅੱਜ ਪੁਲੀਸ ਨੇ ਕਿਸਾਨਾਂ ਦੀਆਂ ਸਾਰੀਆਂ ਟਰਾਲੀਆਂ ਮੰਡੀ ’ਚ ਆਉਣ ਤੋਂ ਰੋਕ ਦਿੱਤੀਆਂ ਜਿਸ ਤੋਂ ਗੁੱਸੇ ’ਚ ਆਏ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੰਡੀ ’ਚ ਹੀ ਧਰਨਾ ਦੇ ਦਿੱਤਾ। ਕਿਸਾਨਾਂ ਤੇ ਪੁਲੀਸ ਵਿਚਾਲੇ ਮਾਮੂਲੀ ਖਿੱਚ-ਧੂਹ ਵੀ ਹੋਈ। ਦੂਜੇ ਪਾਸੇ ਕਿਸਾਨਾਂ ਖ਼ਿਲਾਫ਼ ਮੰਡੀ ਦੇ ਪੱਲੇਦਾਰਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਕੀਤੇ ਜਾਣ ਕਾਰਨ ਹਾਲਾਤ ਤਣਾਅ ਵਾਲੇ ਹੋ ਗਏ ਪਰ ਮੌਕੇ ’ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਰਿੰਦਰ ਸਿੰਘ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਥਿਤੀ ਉਸ ਵੇਲੇ ਬਣੀ ਜਦੋਂ ਕਿਸਾਨ ਸਵੇਰ ਵੇਲੇ ਹੀ ਵੱਡੀ ਗਿਣਤੀ ’ਚ ਕਣਕ ਦੀਆਂ ਟਰਾਲੀਆਂ ਲੈ ਕੇ ਮੰਡੀ ਵਿੱਚ ਆ ਗਏ ਜਿਨ੍ਹਾਂ ਵਿੱਚ ਕੁਝ ਕਿਸਾਨਾਂ ਨੂੰ ਆੜ੍ਹਤੀਆਂ ਨੇ ਬਿਨਾਂ ਟੋਕਨ ਦੇ ਹੀ ਬੁਲਾ ਲਿਆ ਸੀ। ਪੁਲੀਸ ਨੇ ਬਿਨਾਂ ਟੋਕਨ ਵਾਲੀਆਂ ਟਰਾਲੀਆਂ ਨੂੰ ਮੰਡੀ ਅੰਦਰ ਜਾਣ ਤੋਂ ਰੋਕਿਆ ਤਾਂ ਮੌਕੇ ’ਤੇ ਕਿਸਾਨਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ ਹੋ ਗਈ ਜਿਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੰਡੀ ਦੇ ਗੇਟ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨ ਸਾਰੀਆਂ ਟਰਾਲੀਆਂ ਨੂੰ ਮੰਡੀ ਅੰਦਰ ਜਾਣ ਦੇਣ ਦੀ ਮੰਗ ਕਰ ਰਹੇ ਸਨ। ਇਸ ’ਤੇ ਮੰਡੀ ਦੇ ਪੱਲੇਦਾਰਾਂ ਨੇ ਉਨ੍ਹਾਂ ’ਤੇ ਬੇਲੋੜਾ ਬੋਝ ਆ ਜਾਣ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਨਾਲ ਸਥਿਤੀ ਤਣਾਅ ਵਾਲੀ ਬਣ ਗਈ ਪਰ ਕਿਸੇ ਤਕਰਾਰ ਤੋਂ ਬਚਾਅ ਰਿਹਾ। ਧਰਨੇ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੋਂ ਇਲਾਵਾ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ, ਹਰਬਿੰਦਰ ਸਿੰਘ ਕੰਗ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਮੰਡੀ ਦੇ ਕੁੱਲ 133 ਆੜ੍ਹਤੀਆਂ ਵਿੱਚੋਂ 67 ਆੜ੍ਹਤੀਆਂ ਨੂੰ ਇਕ ਵੀ ਟੋਕਨ ਜਾਰੀ ਨਹੀਂ ਕੀਤਾ ਗਿਆ ਜਿਸ ਕਰਕੇ ਕਣਕ ਦੀ ਖਰੀਦ ਨਿਰਵਿਘਨ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਕਿਸਾਨ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਆਦਿ ਦੀ ਵੀ ਮੰਗ ਕੀਤੀ। ਪ੍ਰਸ਼ਾਸਨ ਨੇ ਮੰਡੀ ਦੇ ਪੱਲੇਦਾਰਾਂ ਦੀਆਂ ਮੰਗਾਂ ਵੀ ਸਰਕਾਰ ਤੱਕ ਪੁੱਜਦੀਆਂ ਕੀਤੇ ਜਾਣ ਦਾ ਯਕੀਨ ਦਿੱਤਾ। ਕਿਸਾਨਾਂ ਤੇ ਪੱਲੇਦਾਰਾਂ ਆਦਿ ਨਾਲ ਮੀਟਿੰਗ ਕਰਨ ਲਈ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਐੱਸਪੀ ਜਗਜੀਤ ਸਿੰਘ ਵਾਲੀਆ ਅਤੇ ਜ਼ਿਲ੍ਹਾ ਮੰਡੀ ਅਧਿਕਾਰੀ ਸ਼ਾਮਲ ਹੋਏ।

Radio Mirchi