ਟਰੇਨਰ ਜਹਾਜ਼ ਹਾਦਸਾਗ੍ਰਸਤ; ਪਾਇਲਟ ਦੀ ਮੌਤ
‘3 ਪੰਜਾਬ ਏਅਰ ਸਕੁਐਡਰਨ ਐੱਨ.ਸੀ.ਸੀ. ਪਟਿਆਲਾ’ ਦਾ ਦੋ ਸੀਟਾਂ ਵਾਲਾ ‘ਗਰੁੜ’ ਜਹਾਜ਼ ਅੱਜ ਇੱਥੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਪਾਇਲਟ ਅਤੇ ‘3 ਪੰਜਾਬ ਏਅਰ ਸਕੁਐਡਰਨ ਐੱਨ.ਸੀ.ਸੀ. ਪਟਿਆਲਾ’ ਦੇ ਇੰਚਾਰਜ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ, ਜਦਕਿ ਐੱਨ.ਸੀ.ਸੀ. ਦਾ ਇੱਕ ਕੈਡੇਟ ਵਿਪਿਨ ਕੁਮਾਰ ਯਾਦਵ ਜ਼ਖ਼ਮੀ ਹੋ ਗਿਆ। ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਚੀਮਾ ਇੱਥੇ ਐਨਸੀਸੀ ਵਿਚ ਡੈਪੂਟੇਸ਼ਨ ’ਤੇ ਸਨ। ਹਾਦਸਾ ਪਟਿਆਲਾ ਸ਼ਹਿਰ ਦੇ ਬਾਹਰਵਾਰ ਸੰਗਰੂਰ ਰੋਡ ਸਥਿਤ ਏਵੀਏਸ਼ਨ ਕਲੱਬ ਦੇ ਸਾਹਮਣੇ ਵਾਪਰਿਆ। ਵੇਰਵਿਆਂ ਮੁਤਾਬਕ ਸ੍ਰੀ ਚੀਮਾ ਅੱਜ ਆਮ ਵਾਂਗ ਹੀ ਇੱਥੇ ਐੱਨ.ਸੀ.ਸੀ. ਕੈਡੇਟਾਂ ਨੂੰ ਸਿਖਲਾਈ ਦੇ ਰਹੇ ਸਨ। ਇਸ ਦੌਰਾਨ ਜਦ ਉਨ੍ਹਾਂ ਵਿਪਿਨ ਨਾਲ ਉਡਾਣ ਭਰੀ ਤਾਂ ਜਹਾਜ਼ ’ਚ ਤਕਨੀਕੀ ਨੁਕਸ ਪੈ ਗਿਆ ਤੇ ਸੰਤੁਲਨ ਵਿਗੜਨ ਕਾਰਨ ਜਹਾਜ਼ ਏਵੀਏਸ਼ਨ ਕਲੱਬ ਦੇ ਸਾਹਮਣੇ ਸੰਗਰੂਰ ਰੋਡ ’ਤੇ ਜਾ ਡਿੱਗਿਆ। ਪਾਇਲਟ ਚੀਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕੈਡੇਟ ਵਿਪਿਨ ਨੂੰ ਸੱਟਾਂ ਲੱਗੀਆਂ ਹਨ। ਜ਼ਖ਼ਮੀ ਐੱਨਸੀਸੀ ਕੈਡੇਟ ਮਹਿੰਦਰਾ ਕਾਲਜ, ਪਟਿਆਲਾ ਦਾ ਹੈ। ਹਾਦਸੇ ਦਾ ਪਤਾ ਲੱਗਣ ’ਤੇ ਏਅਰਫੋਰਸ ਤੇ ਫ਼ੌਜ ਦੇ ਉੱਚ ਅਧਿਕਾਰੀਆਂ ਸਮੇਤ ਮੈਡੀਕਲ ਟੀਮ ਘਟਨਾ ਸਥਾਨ ’ਤੇ ਪੁੱਜੀ। ਦੋਵਾਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਨਜ਼ਦੀਕ ਸਥਿਤ ਮਿਲਟਰੀ ਹਸਪਤਾਲ ਲਿਜਾਇਆ ਗਿਆ। ਜਾਂਚ ਮਗਰੋਂ ਡਾਕਟਰਾਂ ਨੇ ਪਾਇਲਟ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਕੈਡੇਟ ਜ਼ੇਰੇ ਇਲਾਜ ਹੈ। ਭਾਰਤੀ ਹਵਾਈ ਫ਼ੌਜ ਨੇ ਹਾਦਸੇ ਦੀ ਜਾਂਚ ਆਰੰਭ ਦਿੱਤੀ ਹੈ।