ਟਰੰਪ ਅਗਲੇ ਹਫਤੇ ਤੋਂ ਦੇਸ਼ ਚ ਸ਼ੁਰੂ ਕਰਨਗੇ ਹਵਾਈ ਯਾਤਰਾ
ਵਾਸ਼ਿੰਗਟਨ : ਕੋਰੋਨਾਵਾਇਰਸ ਮਹਾਮਾਰੀ ਨੇ ਅਮਰੀਕਾ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ।ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਕ ਐਲਾਨ ਕੀਤਾ। ਟਰੰਪ ਨੇ ਕਿਹਾ ਕਿ ਅਗਲੇ ਹਫਤੇ ਤੋਂ ਉਹ ਦੇਸ਼ ਭਰ ਵਿਚ ਹਵਾਈ ਯਾਤਰਾਵਾਂ ਸ਼ੁਰੂ ਕਰਨਗੇ। ਅਸਲ ਵਿਚ ਟਰੰਪ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਜਲਦੀ ਹੀ ਪ੍ਰਚਾਰ ਮੁਹਿੰਮ ਰੈਲੀਆਂ ਆਯੋਜਿਤ ਕਰਨ 'ਤੇ ਵਿਚਾਰ ਕਰ ਰਹੇ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅਗਲੇ ਹਫਤੇ ਅਰੀਜ਼ੋਨਾ ਜਾ ਰਹੇ ਹਨ। ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਕਾਰਨ ਅਮਰੀਕਾ ਬੰਦ ਹੋਣ ਦੇ ਬਾਅਦ ਇਹ ਉਹਨਾਂ ਦਾ ਪਹਿਲਾ ਦੌਰਾ ਹੈ।
ਟਰੰਪ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਇਕ ਪ੍ਰਮੁੱਖ ਸਵਿੰਗ ਰਾਜਾਂ ਵਿਚੋਂ ਇਕ ਓਹੀਓ ਦਾ ਦੌਰਾ ਕਰਨਗੇ। ਉਹਨਾਂ ਨੇ ਦੱਸਿਆ ਕਿ ਅਰੀਜ਼ੋਨਾ ਦੀ ਯਾਤਰਾ ਆਰਥਿਕ ਸੁਧਾਰ ਦੀਆਂ ਕੋਸ਼ਿਸ਼ਾਂ 'ਤੇਂ ਕੇਂਦਰਿਤ ਹੈ ਅਤੇ ਇਹ ਚੋਣ ਮੁਹਿੰਮ ਰੈਲੀ ਨਹੀਂ ਹੈ। ਟਰੰਪ ਨੇ ਕਿਹਾ ਕਿ ਮੈਂ ਅਜਿਹੀ ਰੈਲੀ ਦੀ ਕਲਪਨਾ ਨਹੀਂ ਕਰ ਸਕਦਾ ਜਿੱਥੇ ਤੁਹਾਡੀ ਹਰ ਚੌਥੀ ਸੀਟ ਭਰੀ ਹੋਵੇ। ਇਹ ਚੀਜ਼ ਵਧੀਆ ਨਹੀਂ ਲੱਗੇਗੀ।ਇਕ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ,''ਕੋਰੋਨਾਵਾਇਰਸ ਜਲਦੀ ਜਾਣ ਵਾਲਾ ਹੈ। ਇਹ ਦੇਸ਼ ਛੱਡ ਕੇ ਜਾਣ ਵਾਲਾ ਹੈ। ਇਹ ਖਤਮ ਹੋਣ ਵਾਲਾ ਹੈ।''
ਇੱਥੇ ਦੱਸ ਦਈਏ ਕਿ ਕੋਰੋਨਾ ਦੇ ਕਹਿਰ ਨਾਲ ਦੁਨੀਆ ਭਰ ਵਿਚ ਲੱਗਭਗ 228,239 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 32 ਲੱਖ ਤੋਂ ਵਧੇਰੇ ਲੋਕ ਇਸ ਮਹਾਮਾਰੀ ਨਾਲ ਇਨਫੈਕਟਿਡ ਹਨ। ਅਮਰੀਕਾ ਇਸ ਵਾਇਰਸ ਦਾ ਗੜ੍ਹ ਬਣ ਚੁੱਕਾ ਹੈ। ਪਿਛਲੇ 24 ਘੰਟਿਆਂ ਵਿਚ ਅਮਰੀਕਾ ਵਿਚ 2502 ਲੋਕਾਂ ਦੀ ਮੌਤ ਹੋਈ ਹੈ। ਐਤਵਾਰ ਅਤੇ ਸੋਮਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਘੱਟ ਰਹਿਣ ਦੇ ਬਾਅਦ ਪਿਛਲੇ 2 ਦਿਨਾਂ ਤੋਂ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ। ਦੇਸ਼ ਵਿਚ ਇਸ ਬੀਮਾਰੀ ਨਾਲ ਹੁਣ ਤੱਕ 61,889 ਲੋਕਾਂ ਦੀ ਜਾਨ ਜਾ ਚੁੱਕੀ ਹੈ।