ਟਰੰਪ ਦਾ ਦਾਅਵਾ- ਪੀ. ਐੱਮ. ਮੋਦੀ ਨੇ ਕੋਵਿਡ-19 ਨੂੰ ਲੈ ਕੇ ਮੇਰੇ ਕੰਮ ਦੀ ਕੀਤੀ ਸਿਫਤ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਉਨ੍ਹਾਂ ਦੇ ਕੰਮ ਦੀ ਸਿਫਤ ਕੀਤੀ ਹੈ।
ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੇ ਆਪਣੇ ਵਿਰੋਧੀ ਉਮੀਦਵਾਰ ਜੋਅ ਬਿਡੇਨ 'ਤੇ ਪੁਰਾਣੇ ਸਮੇਂ ਪ੍ਰਸ਼ਾਸਨ ਦੌਰਾਨ ਸਵਾਈਨ ਫਲੂ ਨਾਲ ਨਜਿੱਠਣ ਵਿਚ ਪੂਰੀ ਤਰ੍ਹਾਂ ਅਸਫਲ ਰਹਿਣ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਕਿ ਪੀ. ਐੱਮ. ਮੋਦੀ ਨੇ ਕੋਰੋਨਾ ਦੀ ਜਾਂਚ ਨੂੰ ਲੈ ਕੇ ਕੀਤੇ ਗਏ ਕੰਮ ਲਈ ਉਨ੍ਹਾਂ ਦੀ (ਟਰੰਪ) ਸਿਫਤ ਕੀਤੀ ਹੈ।
ਟਰੰਪ ਨੇ ਨੇਵਾਦਾ ਦੇ ਰਿਨੋ ਵਿਚ ਚੋਣ ਰੈਲੀ ਵਿਚ ਕਿਹਾ ਕਿ ਹੁਣ ਤੱਕ, ਅਸੀਂ ਭਾਰਤ ਸਣੇ ਹੋਰ ਕਈ ਵੱਡੇ ਦੇਸ਼ਾਂ ਤੋਂ ਵੱਧ ਜਾਂਚ ਕੀਤੀ ਹੈ। ਅਮਰੀਕਾ ਦੇ ਬਾਅਦ ਭਾਰਤ ਨੇ ਸਭ ਤੋਂ ਵੱਧ ਜਾਂਚ ਕੀਤੀ। ਅਸੀਂ ਭਾਰਤ ਨਾਲੋਂ 4.4 ਕਰੋੜ ਵਧੇਰੇ ਜਾਂਚ ਕੀਤੀ ਹੈ। ਇਸੇ ਲਈ ਪੀ. ਐੱਮ. ਮੋਦੀ ਨੇ ਫੋਨ ਕਰਕੇ ਮੇਰੇ ਵਧੀਆ ਕੰਮ ਲਈ ਮੇਰੀ ਸਿਫਤ ਕੀਤੀ।
ਟਰੰਪ ਨੇ ਜੋਅ ਬਿਡੇਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਬਿਡੇਨ ਦਾ ਰਿਕਾਰਡ ਦਿਖਾਉਂਦਾ ਹੈ ਕਿ ਜੇਕਰ ਚੀਨ ਵਾਇਰਸ ਉਨ੍ਹਾਂ ਦੇ ਪ੍ਰਸ਼ਾਸਨ ਦੌਰਾਨ ਆਉਂਦਾ ਤਾਂ ਕਈ ਲੱਖ ਅਮਰੀਕੀਆਂ ਦੀ ਮੌਤ ਹੋ ਜਾਣੀ ਸੀ।
ਉਪ ਰਾਸ਼ਟਰਪਤੀ ਦੇ ਰੂਪ ਵਿਚ ਮੰਦੀ ਦੇ ਬਾਅਦ ਉਨ੍ਹਾਂ ਦੀ ਅਗਵਾਈ ਵਿਚ ਬਹੁਤ ਹੀ ਹੌਲੀ ਗਤੀ ਨਾਲ ਆਰਥਿਕ ਸੁਧਾਰ ਹੋਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਸ਼ਾਸਨ ਵਿਚ ਪਿਛਲੇ 4 ਸਾਲ ਵਿਚ ਅਮਰੀਕੀਆਂ ਨੂੰ ਨੌਕਰੀਆਂ ਵਾਪਸ ਮਿਲੀਆਂ ਹਨ। ਸਰਹੱਦਾਂ ਸੁਰੱਖਿਅਤ ਹੋਈਆਂ ਹਨ। ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਟਰੰਪ ਦਾ ਮੁਕਾਬਲਾ ਜੋਅ ਬਿਡੇਨ ਨਾਲ ਹੈ।