ਟਰੰਪ ਦੇ ਵਿਰੋਧ ਚ ਕੈਰੋਲੀਨਾ ਫੋਰਮ ਚ ਹਿੱਸਾ ਨਹੀਂ ਲਵੇਗੀ ਕਮਲਾ ਹੈਰਿਸ
ਕੋਲੰਬੀਆ - ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੀ ਸੰਭਾਵਿਤ ਉਮੀਦਵਾਰ ਕਮਲਾ ਹੈਰਿਸ ਨੇ ਸਾਊਥ ਕੈਰੋਲੀਨਾ ਕ੍ਰਿਮੀਨਲ ਜਸਟਿਸ ਫੋਰਮ 'ਚ ਸ਼ਿਰਕਤ ਨਾ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਪ੍ਰੋਗਰਾਮ 'ਚ ਸਨਮਾਨਿਤ ਕੀਤੇ ਜਾਣ ਦੇ ਚੱਲਦੇ ਉਨ੍ਹਾਂ ਨੇ ਇਹ ਫੈਸਲਾ ਕੀਤਾ। ਹੈਰਿਸ ਨੇ ਆਖਿਆ ਕਿ ਉਨ੍ਹਾਂ ਨੇ ਟਰੰਪ ਨੂੰ ਬਿਪਰਟੀਸਨ ਜਸਟਿਸ ਅਵਾਰਡ ਦਿੱਤੇ ਜਾਣ ਦੇ ਸਮੂਹ ਦੇ ਫੈਸਲੇ ਦਾ ਵਿਰੋਧ ਕੀਤਾ ਸੀ।
ਹੈਰਿਸ ਨੂੰ 2016 'ਚ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਟਰੰਪ ਨੂੰ ਸ਼ੁੱਕਰਵਾਰ ਨੂੰ ਇਹ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਫਰਸਟ ਸਟੈੱਪ ਐਕਟ ਦੇ ਨਾਲ ਅਪਰਾਧਿਕ ਨਿਆਂ ਸੁਧਾਰ 'ਤੇ ਉਨ੍ਹਾਂ ਦੇ ਕੰਮ ਲਈ ਮਿਲਿਆ, ਜਿਸ ਦੇ ਜ਼ਰੀਏ ਹਜ਼ਾਰਾਂ ਅਹਿੰਸਕ ਅਪਰਾਧੀਆਂ ਨੂੰ ਫੈਡਰਲ ਜੇਲ ਤੋਂ ਜਲਦ ਰਿਹਾਈ ਮਿਲਣ ਦੀ ਰਾਹ ਖੁਲ੍ਹੀ। ਕੈਲੀਫੋਰਨੀਆ ਦੀ ਸੈਨੇਟਰ ਦੇ ਪ੍ਰਚਾਰ ਅਭਿਆਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹੈਰਿਸ ਬੈਨੇਡੀਕਟ ਕਾਲਜ 'ਚ ਸ਼ਨੀਵਾਰ ਨੂੰ ਆਯੋਜਿਤ ਹੋਣ ਵਾਲੇ 20/20 ਬਿਪਟ੍ਰਿਸਨ ਜਸਟਿਸ ਸੈਂਟਰ ਦੇ ਪ੍ਰੋਗਰਾਮ 'ਚ ਹਿੱਸਾ ਨਹੀਂ ਲਵੇਗੀ। ਉਨ੍ਹਾਂ ਨੇ ਇਕ ਬਿਆਨ 'ਚ ਆਖਿਆ ਕਿ ਡੋਨਾਲਡ ਟਰੰਪ ਕਾਇਦੇ-ਕਾਨੂੰਨਾਂ ਨੂੰ ਨਾ ਮੰਨਣ ਵਾਲੇ ਰਾਸ਼ਟਰਪਤੀ ਹਨ। ਉਨ੍ਹਾਂ ਨੇ ਨਾ ਸਿਰਫ ਸਾਡੇ ਦੇਸ਼ ਦੇ ਕਾਨੂੰਨਾਂ ਅਤੇ ਸਾਡੇ ਸੰਵਿਧਾਨ ਦੇ ਸਿਧਾਂਤਾ ਨੂੰ ਨਜ਼ਰਅੰਦਾਜ਼ ਕੀਤਾ ਬਲਕਿ ਉਨ੍ਹਾਂ ਦੇ ਕਰੀਅਰ 'ਚ ਅਜਿਹਾ ਕੁਝ ਨਹੀਂ ਹੈ, ਜੋ ਨਿਆਂ ਦੇ ਬਾਰੇ 'ਚ ਹੋਵੇ, ਨਿਆਂ ਲਈ ਹੋਵੇ।