ਟਰੰਪ ਦੇ ਹੱਠ ਕਾਰਨ ਮਹਾਮਾਰੀ ਦੀ ਮਾਰ ਹੇਠ ਆਇਆ ਅਮਰੀਕਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਹਾਮਾਰੀ ਦੇ ਖਤਰੇ ਬਾਰੇ ਚੌਕਸ ਕੀਤਾ ਗਿਆ ਸੀ ਪਰ ਉਹ ਵਾਇਰਸ ਦੀ ਗੰਭੀਰਤਾ ਨੂੰ ਅਣਗੌਲਿਆਂ ਕਰਦੇ ਰਹੇ ਤੇ ਉਹ ਸੁਨੇਹਿਆਂ ਵੱਲ ਧਿਆਨ ਦੇਣ ਦੀ ਥਾਂ ਅਰਥਚਾਰੇ ’ਤੇ ਧਿਆਨ ਕੇਂਦਰਿਤ ਕਰਦੇ ਰਹੇ। ਇਹ ਗੱਲ ਅਮਰੀਕਾ ਦੀ ਇੱਕ ਮੁੱਖ ਅਖ਼ਬਾਰ ’ਚ ਕਹੀ ਗਈ ਹੈ।
ਨਿਊਯਾਰਕ ਟਾਈਮਜ਼ (ਐੱਨਵਾਈਟੀ) ’ਚ ਛਪੀ ਖ਼ਬਰ ’ਚ ਖੁਲਾਸਾ ਕੀਤਾ ਗਿਆ ਹੈ ਕਿ ਖੁਫੀਆ ਏਜੰਸੀਆਂ, ਕੌਮੀ ਸੁਰੱਖਿਆ ਸਹਾਇਕਾਂ ਤੇ ਸਰਕਾਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਉਣ ਵਾਲੀ ਮਹਾਮਾਰੀ ਤੇ ਉਸ ਦੇ ਨਤੀਜਿਆਂ ਬਾਰੇ ਚਿਤਾਵਨੀ ਦਿੱਤੀ ਸੀ ਪਰ ਟਰੰਪ ਨੇ ਇਸ ਸੰਕਟ ਨੂੰ ਗੰਭੀਰਤਾ ਨਾਲ ਨਾ ਲਿਆ। ਨਿਊਯਾਰਕ ਟਾਈਮਜ਼ ਨੇ ਕਿਹਾ, ‘ਇਹ ਖੁਲਾਸਾ ਹੋਇਆ ਹੈ ਕਿ ਰਾਸ਼ਟਰਪਤੀ ਨੂੰ ਸੰਭਾਵੀ ਮਹਾਮਾਰੀ ਬਾਰੇ ਚਿਤਾਵਨੀ ਦਿੱਤੀ ਗਈ ਸੀ ਪਰ ਅੰਦਰੂਨੀ ਫੁੱਟ, ਯੋਜਨਾ ਦੀ ਘਾਟ ਤੇ ਆਪਣੇ ਸੁਭਾਵਿਕ ਗਿਆਨ ’ਤੇ ਉਨ੍ਹਾਂ ਦਾ ਭਰੋਸਾ ਹੀ ਸੁਸਤ ਪ੍ਰਕਿਰਿਆ ਦੀ ਵਜ੍ਹਾ ਬਣਿਆ।’ ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ ਜਿੱਥੇ ਪੰਜ ਲੱਖ 30 ਹਜ਼ਾਰ ਤੋਂ ਵੱਧ ਕਰੋਨਾ ਦੇ ਮਾਮਲੇ ਹਨ ਅਤੇ ਉੱਥੇ 20, 608 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਅਖ਼ਬਾਰ ਨੇ ਕਿਹਾ, ‘ਵ੍ਹਾਈਟ ਹਾਊਸ ਦੇ ਸਿਖਰਲੇ ਸਲਾਹਕਾਰਾਂ ਦੇ ਨਾਲ ਹੀ ਮੰਤਰੀ-ਮੰਡਲ ਦੇ ਮਾਹਿਰਾਂ ਤੇ ਖੁਫੀਆ ਏਜੰਸੀਆਂ ਨੇ ਚਿਤਾਵਨੀ ਦਿੱਤੀ ਸੀ ਅਤੇ ਕਰੋਨਾਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਜੰਗੀ ਪੱਧਰ ਦੀ ਕਾਰਵਾਈ ਦੀ ਅਪੀਲ ਕੀਤੀ ਸੀ।’ਟਰੰਪ ਦਾ ਨਜ਼ਰੀਆ ਪ੍ਰਸ਼ਾਸਨ ਦੇ ਅੰਦਰ ਚੀਨ ਨਾਲ ਨਜਿੱਠਣ ਦੇ ਢੰਗ-ਤਰੀਕਿਆਂ ਦੇ ਨਾਲ-ਨਾਲ ਇਸ ਸ਼ੱਕ ’ਤੇ ਵੀ ਆਧਾਰਿਤ ਸੀ ਕਿ ਅਧਿਕਾਰੀਆਂ ਨੂੰ ਇਸ ਲਈ ਕੀ ਪ੍ਰੇਰਿਤ ਕਰ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਅਧਿਕਾਰੀਆਂ ਵੱਲੋਂ ਪ੍ਰਗਟਾਏ ਗਏ ਖਦਸ਼ਿਆਂ ਨੂੰ ਅਕਸਰ ਹੀ ਆਰਥਿਕ ਤੇ ਸਿਆਸੀ ਵਿਚਾਰਧਾਰਾਵਾਂ ਤੋਂ ਚੁਣੌਤੀ ਮਿਲਦੀ ਸੀ ਜਿਸ ਕਾਰਨ ਫ਼ੈਸਲਾ ਲੈਣ ’ਚ ਦੇਰੀ ਹੋਈ।