ਟਰੰਪ ਵੱਲੋਂ ਅਮਰੀਕੀ ਅਰਥਚਾਰੇ ਨੂੰ ਪੜਾਅਵਾਰ ਖੋਲ੍ਹਣ ਦੀ ਵਕਾਲਤ
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰੋਨਾਵਾਇਰਸ ਕਾਰਨ ਝੰਬੇ ਅਮਰੀਕੀ ਅਰਥਚਾਰੇ ਨੂੰ ਮੁੜ ਤੋਂ ਪੜਾਅਵਾਰ ਖੋਲ੍ਹਣ ਦੀ ਵਕਾਲਤ ਕੀਤੀ ਹੈ। ਮੁਲਕ ਦੇ 95 ਫ਼ੀਸਦੀ ਤੋਂ ਵੱਧ ਲੋਕ ਪਹਿਲੀ ਮਈ ਤਕ ਘਰਾਂ ਅੰਦਰ ਡੱਕੇ ਹੋਏ ਹਨ। ਟਰੰਪ ਨੇ ਵੀਰਵਾਰ ਨੂੰ ਸੰਕੇਤ ਦਿੱਤੇ ਕਿ ਪਾਬੰਦੀਆਂ ਪਹਿਲੀ ਮਈ ਤੋਂ ਬਾਅਦ ਵੀ ਜਾਰੀ ਰਹਿ ਸਕਦੀਆਂ ਹਨ ਪਰ ਉਨ੍ਹਾਂ ਅਰਥਚਾਰੇ ਨੂੰ ਹੌਲੀ-ਹੌਲੀ ਖੋਲ੍ਹਣ ਦੀ ਜ਼ਰੂਰ ਵਕਾਲਤ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ’ਚ 2.6 ਕਰੋੜ ਅਮਰੀਕੀਆਂ ਨੇ ਬੇਰੁਜ਼ਗਾਰੀ ਰਾਹਤ ਲਈ ਅਰਜ਼ੀ ਦਿੱਤੀ ਹੈ ਅਤੇ ਇਹ ਅੰਕੜਾ ਛੇਤੀ ਹੀ 4 ਕਰੋੜ ਪਾਰ ਕਰਨ ਦੀ ਸੰਭਾਵਨਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਮੋਹਰੀ ਰੱਖਣ ਲਈ ਸਾਰੇ ਨਾਗਰਿਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਚੌਕਸ ਰਹਿਣ ਅਤੇ ਸਮਾਜਿਕ ਦੂਰੀ, ਮੂੰਹ ਢੱਕ ਕੇ ਰੱਖਣ ਅਤੇ ਸਾਫ਼-ਸਫ਼ਾਈ ਆਦਿ ਦਾ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਅਰਥਚਾਰੇ ਨੂੰ ਮੁੜ ਤੋਂ ਖੋਲ੍ਹਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਹੱਥ ਖੜ੍ਹੇ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਪੁਲਾਂਘਾਂ ਪੁੱਟ ਰਿਹਾ ਹੈ।