ਟੀ-20: ਭਾਰਤ ਵੱਲੋਂ ਨਿਊਜ਼ੀਲੈਂਡ ਦੌਰੇ ਦਾ ਜਿੱਤ ਨਾਲ ਆਗਾਜ਼

ਟੀ-20: ਭਾਰਤ ਵੱਲੋਂ ਨਿਊਜ਼ੀਲੈਂਡ ਦੌਰੇ ਦਾ ਜਿੱਤ ਨਾਲ ਆਗਾਜ਼

ਸ਼੍ਰੇਅਸ ਅਈਅਰ ਤੇ ਕੇਐੱਲ ਰਾਹੁਲ ਦੇ ਨੀਮ ਸੈਂਕੜਿਆਂ ਅਤੇ ਰਾਹੁਲ ਤੇ ਕਪਤਾਨ ਵਿਰਾਟ ਕੋਹਲੀ ਦਰਮਿਆਨ 99 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਭਾਰਤ ਨੇ ਅੱਜ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਇਸ ਤੋਂ ਪਹਿਲਾਂ ਕੋਲਿਨ ਮੁਨਰੋ ਅਤੇ ਕਪਤਾਨ ਕੇਨ ਵਿਲੀਅਮਸਨ ਦੇ ਹਮਲਾਵਰ ਨੀਮ ਸੈਂਕੜਿਆਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਈਡਨ ਪਾਰਕ ਦੀ ਛੋਟੀ ਬਾਊਂਡਰੀ ਦਾ ਲਾਹਾ ਲੈਂਦਿਆਂ ਪੰਜ ਵਿਕਟਾਂ ’ਤੇ 203 ਦੌੜਾਂ ਬਣਾਈਆਂ। ਭਾਰਤ ਨੇ 19 ਓਵਰਾਂ ਵਿੱਚ ਇਹ ਟੀਚਾ ਪੂਰਾ ਕਰਕੇ ਮੈਚ ਜਿੱਤ ਲਿਆ।
ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਰੋਹਿਤ ਸ਼ਰਮਾ ਦੂਜੇ ਹੀ ਓਵਰ ਵਿੱਚ ਸੱਤ ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਮਗਰੋਂ ਰਾਹੁਲ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ 27 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਨਾਲ 56 ਦੌੜਾਂ ਬਣਾਈਆਂ। ਕਪਤਾਨ ਕੋਹਲੀ ਨੇ ਉਸ ਦਾ ਸਾਥ ਦਿੰਦਿਆਂ 32 ਗੇਂਦਾਂ ਵਿੱਚ 45 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੌਰਾਨ ਤਿੰਨ ਚੌਕੇ ਅਤੇ ਇੱਕ ਛੱਕਾ ਜੜਿਆ। ਭਾਰਤ ਨੇ ਦਸਵੇਂ ਓਵਰ ਵਿੱਚ ਰਾਹੁਲ ਅਤੇ 12ਵੇਂ ਵਿੱਚ ਕੋਹਲੀ ਦੀ ਵਿਕਟ ਗੁਆ ਲਈ। ਉਸ ਸਮੇਂ ਭਾਰਤ ਨੂੰ 53 ਗੇਂਦਾਂ ਵਿੱਚ 83 ਦੌੜਾਂ ਦੀ ਲੋੜ ਸੀ। ਇਸ ਮਗਰੋਂ ਸ਼੍ਰੇਅਸ ਅਈਅਰ (29 ਗੇਂਦਾਂ ’ਚ ਨਾਬਾਦ 58 ਦੌੜਾਂ) ਨੇ ਮੋਰਚਾ ਸੰਭਾਲਿਆ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਉਸ ਨੇ ਆਪਣੀ ਪਾਰੀ ਦੌਰਾਨ ਪੰਜ ਚੌਕੇ ਅਤੇ ਤਿੰਨ ਛੱਕੇ ਜੜੇ। ਉਸ ਨੂੰ ਇਸ ਪ੍ਰਦਰਸ਼ਨ ਲਈ ‘ਮੈਨ ਆਫ ਦਿ ਮੈਚ’ ਚੁਣਿਆ ਗਿਆ।
ਨਿਊਜ਼ੀਲੈਂਡ ਦੀ ਪਾਰੀ ਵਿੱਚ ਮੁਨਰੋ ਨੇ 42 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਦੋ ਛੱਕਿਆਂ ਨਾਲ 59 ਦੌੜਾਂ ਬਣਾਈਆਂ। ਇਸੇ ਤਰ੍ਹਾਂ ਵਿਲੀਅਮਸਨ ਨੇ 26 ਗੇਂਦਾਂ ਵਿੱਚ 51 ਦੌੜਾਂ ਦੀ ਪਾਰੀ ਖੇਡੀ। ਰੋਸ ਟੇਲਰ 54 ਦੌੜਾਂ ਬਣਾ ਕੇ ਨਾਬਾਦ ਰਿਹਾ। ਜਸਪ੍ਰੀਤ ਬੁਮਰਾਹ (31 ਦੌੜਾਂ ਦੇ ਕੇ ਇੱਕ ਵਿਕਟ) ਨੂੰ ਛੱਡ ਕੇ ਭਾਰਤ ਦੇ ਬਾਕੀ ਗੇਂਦਬਾਜ਼ ਮਹਿੰਗੇ ਸਾਬਤ ਹੋਏ।
ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਭਾਰਤੀ ਟੀਮ ਨੇ ਹਰਫ਼ਨਮੌਲਾ ਸ਼ਿਵਮ ਦੂਬੇ ਅਤੇ ਰਵਿੰਦਰ ਜਡੇਜਾ ਸਣੇ ਛੇ ਗੇਂਦਬਾਜ਼ਾਂ ਨੂੰ ਉਤਾਰਿਆ। ਯੁਜ਼ਵੇਂਦਰ ਚਾਹਲ ਨੂੰ ਕੁਲਦੀਪ ਅਤੇ ਸ਼ਰਦੁਲ ਠਾਕੁਰ ਨੂੰ ਨਵਦੀਪ ਸੈਣੀ ਦੀ ਥਾਂ ਤਰਜੀਹ ਦਿੱਤੀ ਗਈ, ਜਦੋਂਕਿ ਵਿਕਟਕੀਪਰ ਰਿਸ਼ਭ ਪੰਤ ਨੂੰ ਬਾਹਰ ਰੱਖਿਆ ਗਿਆ।
ਨਿਊਜ਼ੀਲੈਂਡ ਦੀ ਸ਼ੁਰੂਆਤ ਤੇਜ਼ ਰਹੀ। ਮੁਨਰੋ ਅਤੇ ਮਾਰਟਿਨ ਗੁਪਟਿਲ ਨੇ ਪਾਵਰਪਲੇਅ ਵਿੱਚ 68 ਦੌੜਾਂ ਬਣਾਈਆਂ। ਭਾਰਤ ਖ਼ਿਲਾਫ਼ ਟੀ-20 ਕ੍ਰਿਕਟ ਵਿੱਚ ਪਾਵਰਪਲੇਅ ਵਿੱਚ ਨਿਊਜ਼ੀਲੈਂਡ ਦਾ ਇਹ ਸਰਵੋਤਮ ਸਕੋਰ ਹੈ। ਸ਼ਰਦੁਲ ਠਾਕੁਰ ਨੇ 44 ਦੌੜਾਂ ਦੇ ਕੇ ਇੱਕ ਵਿਕਟ ਲਈ, ਜਦਕਿ ਮੁਹੰਮਦ ਸ਼ਮੀ ਨੇ 53 ਦੌੜਾਂ ਦਿੱਤੀਆਂ ਅਤੇ ਉਸ ਨੂੰ ਕੋਈ ਵਿਕਟ ਨਹੀਂ ਮਿਲੀ। ਭਾਰਤ ਨੇ ਪਹਿਲੇ ਅੱਠ ਓਵਰਾਂ ਵਿੱਚ ਹੀ ਛੇ ਗੇਂਦਬਾਜ਼ ਉਤਾਰੇ। ਦੂਬੇ ਨੇ ਗੁਪਟਿਲ ਨੂੰ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ, ਜਿਸ ਦਾ ਕੈਚ ਰੋਹਿਤ ਸ਼ਰਮਾ ਨੇ ਲਿਆ। ਇਸ ਮਗਰੋਂ ਵਿਲੀਅਮਸਨ ਨੇ ਮੁਨਰੋ ਨਾਲ ਮਿਲ ਕੇ 36 ਦੌੜਾਂ ਜੋੜੀਆਂ। ਉਸ ਨੇ 36 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਠਾਕੁਰ ਨੇ ਮੁਨਰੋ ਨੂੰ ਪੈਵਿਲੀਅਨ ਭੇਜਿਆ। ਫਿਰ ਰਵਿੰਦਰ ਜਡੇਜਾ ਨੇ ਕੋਲਿਨ ਡੀ ਗਰੈਂਡ ਹੋਮ ਨੂੰ ਖ਼ਾਤਾ ਨਹੀਂ ਖੋਲ੍ਹਣ ਦਿੱਤਾ। ਨਿਊਜ਼ੀਲੈਂਡ ਦਾ ਸਕੋਰ 13ਵੇਂ ਓਵਰ ਵਿੱਚ ਤਿੰਨ ਵਿਕਟਾਂ ’ਤੇ 117 ਦੌੜਾਂ ਸੀ, ਪਰ ਵਿਲੀਅਮਸਨ ਅਤੇ ਟੇਲਰ ਨੇ 28 ਗੇਂਦਾਂ ਵਿੱਚ 61 ਦੌੜਾਂ ਦੀ ਭਾਈਵਾਲੀ ਕੀਤੀ। ਉਸ ਨੇ ਸ਼ਮੀ ਦੇ 16ਵੇਂ ਓਵਰ ਵਿੱਚ 22 ਦੌੜਾਂ ਲਈਆਂ ਅਤੇ 25 ਗੇਂਦਾਂ ਵਿੱਚ ਨੀਮ ਸੈਂਕੜਾ ਪੂਰਾ ਕੀਤਾ। ਇਹ ਛੇ ਸਾਲ ਵਿੱਚ ਟੀ-20 ਕ੍ਰਿਕਟ ਵਿੱਚ ਉਸ ਦਾ ਪਹਿਲਾ ਅਰਧ ਸੈਂਕੜਾ ਸੀ। ਵਿਲੀਅਮਸਨ ਨੇ ਵੀ 25 ਗੇਂਦਾਂ ਵਿੱਚ 50 ਦੌੜਾਂ ਪੂਰੀਆਂ ਕੀਤੀਆਂ। ਵਿਲੀਅਮਸਨ ਨੂੰ ਚਾਹਲ ਨੇ ਆਊਟ ਕੀਤਾ।

Radio Mirchi