ਟੀਮ ਇੰਡੀਆ ਕਿੱਟ ਸਪਾਂਸਰ : ਪਿਊਮਾ ਦੌੜ ਚ, ਐਡੀਡਾਸ ਵੀ ਹੋ ਸਕਦੈ ਸ਼ਾਮਲ
ਨਵੀਂ ਦਿੱਲੀ– ਜਰਮਨੀ ਦੀ ਖੇਡ ਸਾਮਾਨ ਤੇ ਫੁਟਵੀਅਰ ਨਿਰਮਾਤਾ ਕੰਪਨੀ ਪਿਊਮਾ ਭਾਰਤੀ ਕ੍ਰਿਕਟ ਟੀਮ ਦੇ ਕਿੱਟ ਸਪਾਂਸਰ ਅਧਿਕਾਰ ਖਰੀਦਣ ਦੀ ਦੌੜ ਵਿਚ ਸਭ ਤੋਂ ਅੱਗੇ ਹੈ ਜਦਕਿ ਉਸਦੀ ਵਿਰੋਧੀ ਕੰਪਨੀ ਐਡੀਡਾਸ ਵੀ ਦੌੜ ਵਿਚ ਸ਼ਾਮਲ ਹੋ ਸਕਦੀ ਹੈ। ਇਸਦੀ ਵੀ ਅਜੇ ਪੁਸ਼ਟੀ ਨਹੀਂ ਹੋ ਸਕੀ ਕਿ ਨਾਈਕੀ ਦੋਬਾਰਾ ਬੋਲੀ ਲਗਾਏਗੀ ਜਾਂ ਨਹੀਂ। ਉਹ ਬੀ. ਸੀ. ਸੀ. ਆਈ. ਦੀ ਘੱਟ ਬੋਲੀ ਲਾਉਣ ਦੀ ਪੇਸ਼ਕਸ਼ ਠੁਕਰਾ ਚੁੱਕੀ ਹੈ। ਨਾਇਕੀ ਨੇ 2016 ਤੋਂ 2020 ਲਈ 370 ਕਰੋੜ (ਪਲੱਸ 30 ਕਰੋੜ ਰਾਇਲਟੀ) ਦਿੱਤੇ ਸਨ।
ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਮੈਂ ਇਸਦੀ ਪੁਸ਼ਟੀ ਕਰਦਾ ਹਾਂ ਕਿ ਪਿਊਮਾ ਨੇ ਆਈ. ਟੀ. ਟੀ. (ਟੈਂਡਰ ਲਈ ਸੱਦਾ) ਦਸਤਾਵੇਜ਼ ਖਰੀਦੇ ਹਨ, ਜਿਨ੍ਹਾਂ ਦੀ ਕੀਮਤ 1 ਲੱਖ ਰੁਪਏ ਹੈ। ਇਸ ਨੂੰ ਖਰੀਦਣ ਦਾ ਮਤਲਬ ਹਾਲਾਂਕਿ ਇਹ ਨਹੀਂ ਹੈ ਕਿ ਉਹ ਬੋਲੀ ਲਾਉਣ ਹੀ ਜਾ ਰਹੇ ਹਨ। ਪਿਊਮਾ ਨੇ ਬੋਲੀ ਲਾਉਣ ਵਿਚ ਅਸਲੀਅਤ ਵਿਚ ਦਿਲਚਸਪੀ ਦਿਖਾਈ ਹੈ।'' ਸਮਝਿਆ ਜਾਂਦਾ ਹੈ ਕਿ ਐਡੀਡਾਸ ਨੇ ਵੀ ਇਸ ਵਿਚ ਦਿਲਚਸਪੀ ਜਤਾਈ ਹੈ ਪਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਸਪਾਂਸਰ ਅਧਿਕਾਰਾਂ ਲਈ ਬੋਲੀ ਲਾਏਗੀ ਜਾਂ ਨਹੀਂ। ਕੁਝ ਦਾ ਮੰਨਣਾ ਹੈ ਕਿ ਜਰਮਨ ਕੰਪਨੀ ਮਰਕਡਾਈਸ ਉਤਪਾਦਾਂ ਲਈ ਆਜ਼ਾਦ ਤੌਰ 'ਤੇ ਬੋਲੀ ਲਾ ਸਕਦੀ ਹੈ, ਜਿਸ ਦੇ ਲਈ ਵੱਖਰਾ ਟੈਂਡਰ ਹੋਵੇਗਾ। ਉਤਪਾਦਾਂ ਦੀ ਵਿਕਰੀ ਇਸ 'ਤੇ ਵੀ ਨਿਰਭਰ ਕਰਦੀ ਹੈ ਕਿ ਕੰਪਨੀ ਦੇ ਕਿੰਨੇ ਐਕਸਕਿਲਊਸਿਵ ਸਟੋਰ ਜਾਂ ਵਿਕਰੀ ਕੇਂਦਰ ਹਨ। ਪਿਊਮਾ ਦੇ 350 ਤੋਂ ਵੱਧ ਐਕਸਕਲਿਊਸਿਵ ਸਟੋਰ ਹਨ ਜਦਕਿ ਐਡੀਡਾਸ ਦੇ 450 ਤੋਂ ਵੱਧ ਆਊਟਲੇਟ ਹਨ।
ਇਕ ਮਾਹਿਰ ਨੇ ਕਿਹਾ,''ਜੇਕਰ ਕੰਪਨੀਆਂ 5 ਸਾਲ ਲਈ ਤਕਰੀਬਨ 200 ਕਰੋੜ ਰੁਪਏ ਦੀ ਬੋਲੀ ਲਾ ਕੇ ਅਧਿਕਾਰ ਖਰੀਦ ਲੈਂਦੀਆਂ ਹਨ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਇਹ ਨਾਇਕੀ ਵਲੋਂ ਚੁਕਾਈ ਗਈ ਪਿਛਲੀ ਰਕਮ ਤੋਂ ਕਾਫੀ ਘੱਟ ਹੋਵੇਗੀ।'' ਉਸ ਨੇ ਕਿਹਾ,''ਬੋਰਡ ਨੇ ਪਹਿਲਾਂ ਨਾਇਕੀ ਨੂੰ ਪੇਸ਼ਕਸ਼ ਕੀਤੀ ਸੀ, ਜਿਸ ਨੇ ਇਸ ਨੂੰ ਠੁਕਰਾ ਦਿੱਤਾ। ਇਸਦੇ ਮਾਇਨੇ ਹਨ ਕਿ ਜਾਂ ਤਾਂ ਉਸਦੀ ਦਿਲਚਸਪੀ ਨਹੀਂ ਜਾਂ ਉਹ ਹੋਰ ਘੱਟ ਭਾਅ ਦੀ ਬੋਲੀ ਲਾਉਣਾ ਚਾਹੁੰਦੀ ਹੈ।''ਪਿਊਮਾ ਦੀ ਪਿਛਲੇ ਕੁਝ ਸਾਲਾਂ ਵਿਚ ਭਾਰਤੀ ਬਾਜ਼ਾਰ ਵਿਚ ਦਿਲਚਸਪੀ ਵਧੀ ਹੈ। ਖਾਸ ਤੌਰ 'ਤੇ ਆਈ. ਪੀ. ਐੱਲ. ਰਾਹੀਂ ਤੇ ਹੁਣ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸਟਾਰ ਬੱਲੇਬਾਜ਼ ਕੇ. ਐੱਲ. ਰਾਹੁਲ ਇਸਦੇ ਬ੍ਰਾਂਡ ਅੰਬੈਸਡਰ ਹਨ। ਬੀ. ਸੀ. ਸੀ. ਆਈ. ਨੇ ਪਿਛਲੇ ਚੱਕਰ ਵਿਚ ਪ੍ਰਤੀ ਮੈਚ ਬੋਲੀ ਦਾ ਬੇਸ ਪ੍ਰਾਈਜ਼ 88 ਲੱਖ ਰੁਪਏ ਰੱਖਿਆ ਸੀ, ਜਿਹੜਾ ਘਟਾ ਕੇ 61 ਲੱਖ ਰੁਪਏ ਕਰ ਦਿੱਤਾ ਗਿਆ ਹੈ।