ਟੁਲਸਾ ਨਸਲਕੁਸ਼ੀ: ਨਫ਼ਰਤੀ ਅਨਿਆਂ ਨੂੰ ਲੁਕਾਇਆ ਨਹੀਂ ਜਾ ਸਕਦਾ: ਬਾਇਡਨ

ਟੁਲਸਾ ਨਸਲਕੁਸ਼ੀ: ਨਫ਼ਰਤੀ ਅਨਿਆਂ ਨੂੰ ਲੁਕਾਇਆ ਨਹੀਂ ਜਾ ਸਕਦਾ: ਬਾਇਡਨ

ਰਾਸ਼ਟਰਪਤੀ ਜੋਅ ਬਾਇਡਨ ਨੇ ਟੁਲਸਾ ’ਚ ਸਿਆਹਫਾਮ ਭਾਈਚਾਰੇ ਨੂੰ ਤਾਉਮਰ ਪੀੜ ਦੇਣ ਵਾਲੀ ਨਸਲਕੁਸ਼ੀ ਦੇ ਸੌ ਸਾਲ ਪੂਰੇ ਹੋਣ ’ਤੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ‘ਉਸ ਚੁੱਪ ਨੂੰ ਤੋੜਨ ਆਏ ਹਨ’ ਜੋ ਦੇਸ਼ ਵਿੱਚ ਨਸਲੀ ਹਿੰਸਾ ਦੀਆਂ ਬੇਹੱਦ ਦੁਖਦਾਈ ਘਟਨਾਵਾਂ ’ਚੋਂ ਇੱਕ ਬਾਰੇ ਧਾਰ ਕੇ ਰੱਖੀ ਹੋਈ ਹੈ।
ਬਾਇਡਨ ਨੇ ਕਿਹਾ, ‘ਕੁਝ ਅਨਿਆਂ ਇੰਨੇ ਨਫ਼ਰਤ ਭਰੇ, ਗੰਭੀਰ, ਡਰਾਉਣੇ ਅਤੇ ਭਿਆਨਕ ਹੁੰਦੇ ਹਨ ਕਿ ਉਨ੍ਹਾਂ ਨੂੰ ਦਬਾਇਆ ਨਹੀਂ ਜਾ ਸਕਦਾ, ਚਾਹੇ ਫਿਰ ਲੋਕ ਇਸ ਲਈ ਕਿੰਨੇ ਵੀ ਯਤਨ ਕਿਉਂ ਨਾ ਕਰ ਲੈਣ।’ ਉਨ੍ਹਾਂ ਕਿਹਾ, ‘ਅਜਿਹੇ ਵਿੱਚ ਸਿਰਫ਼ ਸੱਚ ਹੀ ਮੱਲ੍ਹਮ ਦਾ ਕੰਮ ਕਰ ਸਕਦਾ ਹੈ।’
ਬਾਇਡਨ ਨੇ ਗਰੀਨਵੁੱਡ ਐਵੇਨਿਊ ’ਚ ਇਤਿਹਾਸਕ ਵਰਨਨ ਅਫਰੀਕਨ ਇਪਿਸਕੋਪਲ ਚਰਚ ਦੇ ਸਾਹਮਣੇ ਕਰੀਬ ਇੱਕ ਸਦੀ ਪਹਿਲਾਂ ਗੋਰਿਆਂ ਵੱਲੋਂ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਸਿਆਹਫਾਮ ਲੋਕਾਂ ਦੀ ਯਾਦਗਾਰ ’ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਨੇ ਗਰੀਨਵੁੱਡ ਸੱਭਿਆਚਾਰਕ ਕੇਂਦਰ ਵਿੱਚ ਇਤਿਹਾਸਕ ਤਸਵੀਰਾਂ ਨੂੰ ਦੇਖਿਆ ਅਤੇ ਨਸ਼ਲਕੁਸ਼ੀ ਦੇ ਤਿੰਨ ਪੀੜਤਾਂ ਨਾਲ ਮੁਲਕਾਤ ਵੀ ਕੀਤੀ।
ਰਾਸ਼ਟਰਪਤੀ ਨੇ ਕਿਹਾ, ‘ਕਿਉਂਕਿ ਇਤਿਹਾਸ ਇਸ ਬਾਰੇ ਚੁੱਪ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਅਜਿਹਾ ਕੁਝ ਹੋਇਆ ਹੀ ਨਹੀਂ। ਮੈਂ ਇੱਥੇ ਇਸ ਚੁੱਪ ਨੂੰ ਤੋੜਨ ਆਇਆ ਹਾਂ ਕਿਉਂਕਿ ਇਹ ਜ਼ਖ਼ਮ ਨੂੰ ਡੂੰਘਾ ਕਰਦੀ ਹੈ।’ ਬਾਇਡਨ ਨੇ ਕਿਹਾ ਕਿ ਹੁਣ ਇਨ੍ਹਾਂ ਦੀ ਪੂਰੀ ਕਹਾਣੀ ਸਾਹਮਣੇ ਆਵੇਗੀ। 

Radio Mirchi