ਟੌਮ ਹੈਂਕਸ ਤੇ ਪਤਨੀ ਕਰੋਨਾਵਾਇਰਸ ਦੀ ਲਪੇਟ ’ਚ
ਹਾਲੀਵੁੱਡ ਸੁਪਰਸਟਾਰ ਟੌਮ ਹੈਂਕਸ (63) ਅਤੇ ਉਸ ਦੀ ਪਤਨੀ ਰੀਟਾ ਵਿਲਸਨ (63) ਨੇ ਦੱਸਿਆ ਹੈ ਕਿ ਉਹ ਆਸਟੇਰਲੀਆ ਵਿੱਚ ਸ਼ੂਟਿੰਗ ਦੌਰਾਨ ਕਰੋਨਾਵਾਇਰਸ ਤੋਂ ਪੀੜਤ ਹੋ ਗਏ ਹਨ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਲਿਖਿਆ ਕਿ ਕੁਈਨਜ਼ਲੈਂਡ ਵਿੱਚ ਉਨ੍ਹਾਂ ਨੇ ਜ਼ੁਕਾਮ ਦੀ ਸ਼ਿਕਾਇਤ ਹੋਣ ’ਤੇ ਮੈਡੀਕਲ ਸਲਾਹ ਲਈ। ਉਨ੍ਹਾਂ ਲਿਖਿਆ, ‘‘ਸਾਨੂੰ ਥੋੜ੍ਹੀ ਥਕਾਵਟ ਹੋ ਰਹੀ ਸੀ, ਜਿਵੇਂ ਸਾਨੂੰ ਜ਼ੁਕਾਮ ਹੋ ਗਿਆ ਸੀ ਅਤੇ ਸਰੀਰ ਦੁੱਖ ਰਿਹਾ ਸੀ। ਰੀਟਾ ਨੂੰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕਾਂਬਾ ਛਿੜ ਰਿਹਾ ਸੀ। ਇਸ ਕਾਰਨ ਸਾਡਾ ਕਰੋਨਾਵਾਇਰਸ ਲਈ ਟੈਸਟ ਕੀਤਾ ਗਿਆ, ਅਤੇ ਅਸੀਂ ਪਾਜ਼ੇਟਿਵ ਪਾਏ ਗਏ।’’ ਉਨ੍ਹਾਂ ਕਿਹਾ ਕਿ ਉਹ ਆਪਣੀ ਸਿਹਤ ਬਾਰੇ ਸਮੇਂ-ਸਮੇਂ ’ਤੇ ਪੋਸਟਾਂ ਪਾਉਂਦੇ ਰਹਿਣਗੇ। ਉਨ੍ਹਾਂ ਕਿਹਾ, ‘‘ਸਾਡੇ ਦੋਵਾਂ ਦੇ ਟੈਸਟ ਕੀਤੇ ਜਾਣਗੇ, ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਜਦੋਂ ਤੱਕ ਲੋੜ ਹੋਈ ਸਾਨੂੰ ਵੱਖਰੇ ਤੌਰ ’ਤੇ ਰੱਖਿਆ ਜਾਵੇਗਾ।’’ ਦੱਸਣਯੋਗ ਹੈ ਕਿ ਇਹ ਜੋੜਾ ਆਸਟਰੇਲੀਆ ਦੀ ਗੋਲਡ ਕੋਸਟ ’ਤੇ ਸੀ, ਜਿੱਥੇ ਹੈਂਕਸ ਵਲੋਂ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਇਸ ਫਿਲਮ ਦੀ ਨਿਰਮਾਣ ਕੰਪਨੀ ਵਾਰਨਰ ਬ੍ਰਦਰਜ਼ ਨੇ ਜਾਰੀ ਬਿਆਨ ਰਾਹੀਂ ਕਿਹਾ ਕਿ ਉਹ ਆਪਣੇ ਮੁਲਾਜ਼ਮਾਂ ਦੇ ਬਚਾਅ ਲਈ ‘ਇਹਤਿਆਤੀ’ ਕਦਮ ਚੁੱਕ ਰਹੀ ਹੈ।