ਡਰੋਨ ਮਾਮਲਾ: ਅਦਾਲਤ ਨੇ ਚਾਰ ਮੁਲਜ਼ਮ ਪੁਲੀਸ ਰਿਮਾਂਡ ’ਤੇ ਭੇਜੇ
ਐਸ.ਏ.ਐਸ. ਨਗਰ -ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਦੀ ਤਸਕਰੀ ਲਈ ਵਰਤੇ ਗਏ ਡਰੋਨਾਂ ਦੀ ਬਰਾਮਦਗੀ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ। ਮੁਲਜ਼ਮਾਂ ਵਿੱਚ ਬਾਬਾ ਬਲਵੰਤ ਸਿੰਘ, ਆਕਾਸ਼ਦੀਪ ਸਿੰਘ, ਸ਼ੁਭਦੀਪ ਸਿੰਘ, ਮਾਨ ਸਿੰਘ, ਹਰਭਜਨ ਸਿੰਘ, ਬਲਬੀਰ ਸਿੰਘ ਉਰਫ਼ ਬਿੰਦਾ, ਰੋਮਨਦੀਪ ਸਿੰਘ, ਸਾਜਨ ਪ੍ਰੀਤ ਸਿੰਘ ਅਤੇ ਗੁਰਦੇਵ ਸਿੰਘ ਸ਼ਾਮਲ ਹਨ।
ਅਦਾਲਤ ਨੇ ਚਾਰ ਮੁਲਜ਼ਮਾਂ ਬਾਬਾ ਬਲਵੰਤ ਸਿੰਘ, ਆਕਾਸ਼ਦੀਪ ਸਿੰਘ, ਸ਼ੁਭਦੀਪ ਸਿੰਘ ਅਤੇ ਮਾਨ ਸਿੰਘ ਨੂੰ 16 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਜਦੋਂਕਿ ਬਾਕੀ ਪੰਜ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਅਧੀਨ 7 ਨਵੰਬਰ ਤੱਕ ਜੇਲ੍ਹ ਭੇਜ ਦਿੱਤਾ। ਜੁਡੀਸ਼ਲ ਰਿਮਾਂਡ ਦੌਰਾਨ ਇਨ੍ਹਾਂ ਪੰਜ ਮੁਲਜ਼ਮਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਰੱਖਿਆ ਜਾਵੇਗਾ। ਪੰਜਾਬ ਪੁਲੀਸ ਨੇ ਇਸ ਮਾਮਲੇ ਦੀ ਵੱਡੇ ਪੱਧਰ ’ਤੇ ਜਾਂਚ ਆਰੰਭ ਦਿੱਤੀ ਸੀ ਪ੍ਰੰਤੂ ਇਹ ਮਾਮਲਾ ਪਾਕਿਸਤਾਨ ਅਤੇ ਅਤਿਵਾਦੀ ਜਥੇਬੰਦੀਆਂ ਨਾਲ ਜੁੜਿਆ ਹੋਣ ਕਾਰਨ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਰੋਨ ਮਾਮਲੇ ਦੀ ਜਾਂਚ ਐੱਨਆਈਏ ਨੂੰ ਸੌਂਪ ਦਿੱਤੀ ਹੈ। ਇਹ ਸਪੱਸ਼ਟ ਹੋ ਚੁੱਕਾ ਹੈ ਕਿ ਹੁਣ ਤੱਕ ਸਰਹੱਦ ਪਾਰ ਤੋਂ ਦੋ ਡਰੋਨ ਬਰਾਮਦ ਹੋਏ ਹਨ, ਜਿਨ੍ਹਾਂ ’ਚੋਂ ਇਕ ਅਗਸਤ ਅਤੇ ਦੂਜਾ ਸਤੰਬਰ ਮਹੀਨੇ ਝਬਾਲ ਕਸਬੇ ਨੇੜਿਓਂ ਅੱਧ ਸੜਿਆ ਮਿਲਿਆ ਸੀ। ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਕਸ਼ਮੀਰ ਵਿੱਚ ਧਾਰਾ 370 ਖਤਮ ਕਰਨ ਤੋਂ ਬਾਅਦ ਪਾਕਿਸਤਾਨ ਆਧਾਰਿਤ ਅਤਿਵਾਦੀ ਗਰੁੱਪ ਅਗਸਤ ਮਹੀਨੇ ਤੋਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਸ਼ਾਮਲ ਹਨ।
ਡਰੋਨ ਦੀ ਬਰਾਮਦਗੀ ਤੋਂ ਬਾਅਦ ਵਧਾਈ ਚੌਕਸੀ ਦੇ ਸਿੱਟੇ ਵਜੋਂ ਪੁਲੀਸ ਨੂੰ ਅਤਿਵਾਦੀ ਗਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਮਿਲੀ ਸੀ। ਇਸ ਤੋਂ ਬਾਅਦ ਹਥਿਆਰਾਂ ਦੀ ਵੱਡੀ ਖੇਪ ਦੀ ਹੈਂਡਲਿੰਗ ਵਿੱਚ ਸ਼ੁਭਦੀਪ ਸਿੰਘ ਦਾ ਹੱਥ ਹੋਣ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਕੋਲੋਂ ਹੈਂਡ ਗ੍ਰਨੇਡ, ਸੈਟੇਲਾਈਟ ਫੋਨ, ਵਾਇਰਲੈਸ ਸੈੱਟ ਅਤੇ ਸੰਚਾਰ ਦੇ ਹੋਰ ਯੰਤਰ ਬਰਾਮਦ ਕੀਤੇ ਗਏ ਹਨ।