ਡੇਰਾ ਮੁਖੀ ਦੀ ਦੋ ਕੇਸਾਂ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ
ਇਥੋਂ ਦੀ ਸੀਬੀਆਈ ਅਦਾਲਤ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੋ ਵੱਖ ਵੱਖ ਮਾਮਲਿਆਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ। ਡੇਰੇ ਵਿੱਚ 400 ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਮਾਮਲੇ ਵਿੱਚ ਅੱਜ ਸੀਬੀਆਈ ਅਦਾਲਤ ’ਚ ਸੁਣਵਾਈ ਹੋਈ। ਡੇਰਾ ਮੁਖੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ ਜਦਕਿ ਇਸ ਮਾਮਲੇ ਨਾਲ ਜੁੜੇ ਦੋ ਮੁਲਜ਼ਮ ਪੰਕਜ ਗਰਗ ਅਤੇ ਐੱਮ ਪੀ ਸਿੰਘ ਪ੍ਰਤੱਖ ਰੂਪ ਵਿੱਚ ਕੋਰਟ ਵਿੱਚ ਪੇਸ਼ ਹੋਏ। ਸੀਬੀਆਈ ਵੱਲੋਂ ਹਾਈ ਕੋਰਟ ਵਿੱਚ ਦਾਖ਼ਲ ਪਟੀਸ਼ਨ ਉੱਤੇ ਫ਼ੈਸਲਾ ਵਿਚਾਰ ਅਧੀਨ ਹੋਣ ਕਾਰਨ ਅੱਜ ਇਸ ਮਾਮਲੇ ਬਾਰੇ ਕੋਈ ਕਾਰਵਾਈ ਨਹੀਂ ਹੋਈ। ਸੀਬੀਆਈ ਅਦਾਲਤ ਵਿੱਚ ਇਸ ਮਾਮਲੇ ਬਾਰੇ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ। ਰਣਜੀਤ ਸਿੰਘ ਹੱਤਿਆ ਕਾਂਡ ਨਾਲ ਜੁੜੇ ਇੱਕ ਹੋਰ ਮਾਮਲੇ ਵਿੱਚ ਸੀਬੀਆਈ ਅਦਾਲਤ ’ਚ ਸੁਣਵਾਈ ਹੋਈ। ਇਸ ਕੇਸ ਵਿੱਚ ਵੀ ਡੇਰਾ ਮੁਖੀ ਅਤੇ ਇੱਕ ਹੋਰ ਮੁਲਜ਼ਮ ਕ੍ਰਿਸ਼ਨ ਲਾਲ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਜਦਕਿ ਦੋ ਹੋਰ ਮੁਲਜ਼ਮ ਪ੍ਰਤੱਖ ਰੂਪ ਵਿੱਚ ਸ਼ਾਮਲ ਹੋਏ। ਇਸ ਕੇਸ ਬਾਰੇ 30 ਨਵੰਬਰ ਨੂੰ ਅੰਤਿਮ ਬਹਿਸ ਹੋਵੇਗੀ।