ਢਿੱਲਵਾਂ ਕਤਲ ਕਾਂਡ: ਅਕਾਲੀ ਦਲ ਵੱਲੋਂ ਸਿਆਸਤ ਭਖਾਉਣ ਦਾ ਫ਼ੈਸਲਾ
ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਕਾਲੀ ਨੇਤਾ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਸਿਆਸੀ ਅਖਾੜਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੀ ਅੱਜ ਇੱਥੇ ਹੋਈ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਇਹ ਮੁੱਦਾ ਸਭ ਤੋਂ ਵੱਧ ਚਰਚਾ ’ਚ ਰਿਹਾ ਅਤੇ ਫ਼ੈਸਲਾ ਕੀਤਾ ਗਿਆ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਕਾਨੂੰਨੀ ਕਾਰਵਾਈ ਲਈ ਹਰ ਪੱਧਰ ’ਤੇ ਲੜਾਈ ਲੜੀ ਜਾਵੇ। ਪਾਰਟੀ ਦੀ ਕੋਰ ਕਮੇਟੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਇਸ ਮੁੱਦੇ ’ਤੇ ਕਈ ਮੈਂਬਰ ਭਾਵੇਂ ਸਹਿਮਤ ਨਹੀਂ ਸਨ ਪਰ ਫ਼ੈਸਲਾ ਇਹੀ ਹੋਇਆ ਕਿ ਦਲਬੀਰ ਸਿੰਘ ਢਿੱਲਵਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਕਾਲੀ ਦਲ ਸਾਰੇ ਯਤਨ ਕਰੇਗਾ। ਇਨ੍ਹਾਂ ਯਤਨਾਂ ਤਹਿਤ ਅਕਾਲੀ ਦਲ ਵੱਲੋਂ ਡੀਜੀਪੀ ਪੱਧਰ ’ਤੇ ਮੰਗ ਕੀਤੀ ਜਾਵੇਗੀ ਕਿ ਜਿਨ੍ਹਾਂ ਵਿਅਕਤੀਆਂ ਦਾ ਨਾਮ ਕਤਲ ਜਾਂ ਸਾਜ਼ਿਸ਼ ਘੜਨ ਵਿੱਚ ਆਉਂਦਾ ਹੈ, ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਅਕਾਲੀ ਦਲ ਨੇ ਬਟਾਲਾ ਦੇ ਐੱਸਐੱਸਪੀ ਦਫ਼ਤਰ ਮੂਹਰੇ ਧਰਨਾ ਦੇਣ ਦਾ ਵੀ ਐਲਾਨ ਕੀਤਾ ਹੈ। ਕੋਰ ਕਮੇਟੀ ਦੇ ਫ਼ੈਸਲੇ ਮੁਤਾਬਕ ਜੇਕਰ ਪੰਜਾਬ ਪੁਲੀਸ ਤਸੱਲੀਬਖ਼ਸ਼ ਕਾਰਵਾਈ ਨਹੀਂ ਕਰਦੀ ਤਾਂ ਸੂਬੇ ਦੇ ਰਾਜਪਾਲ ਅਤੇ ਕੇਂਦਰੀ ਗ੍ਰਹਿ ਮੰਤਰੀ ਕੋਲ ਵੀ ਇਹ ਮੁੱਦਾ ਉਠਾਇਆ ਜਾਵੇਗਾ। ਅਕਾਲੀ ਆਗੂਆਂ ਨੇ ਕਿਹਾ ਕਿ ਉਹ ਇਨਸਾਫ਼ ਲਈ ਸੀਬੀਆਈ ਤੋਂ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਵੀ ਕਰ ਸਕਦੇ ਹਨ। ਪਾਰਟੀ ਵੱਲੋਂ ਦਲਬੀਰ ਸਿੰਘ ਢਿੱਲਵਾਂ ਦੇ ਭੋਗ ਮੌਕੇ ਸ਼ਕਤੀ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ। ਕੋਰ ਕਮੇਟੀ ਦੀ ਮੀਟਿੰਗ ਦੌਰਾਨ ਇਹ ਗੱਲ ਵੀ ਵਿਚਾਰੀ ਗਈ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧ ਉਜਾਗਰ ਹੋ ਰਹੇ ਹਨ। ਇਸ ਹਾਲਤ ਵਿੱਚ ਮਾਮਲਾ ਹੋਰ ਵੀ ਗੰਭੀਰ ਬਣ ਜਾਂਦਾ ਹੈ।
ਅਕਾਲੀ ਦਲ ਦੇ 14 ਦਸੰਬਰ ਨੂੰ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਮਾਗਮ ਕੀਤਾ ਜਾਵੇਗਾ। ਪ੍ਰੋਗਰਾਮ ਤਹਿਤ 12 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਖੰਡ ਪਾਠ ਆਰੰਭ ਹੋਵੇਗਾ ਅਤੇ 14 ਦਸੰਬਰ ਨੂੰ ਭੋਗ ਪਾਉਣ ਤੋਂ ਬਾਅਦ ਡੈਲੀਗੇਟ ਇਜਲਾਸ ਸੱਦ ਕੇ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵੀ ਕੀਤੀ ਜਾਵੇਗੀ। ਪਾਰਟੀ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਮੈਂਬਰਸ਼ਿਪ ਦਾ ਅਮਲ ਸ਼ੁਰੂ ਕੀਤਾ ਗਿਆ ਸੀ ਤੇ ਪਾਰਟੀ ਨੂੰ 14 ਦਸੰਬਰ ਤੋਂ ਪਹਿਲਾਂ ਸਰਕਲ ਪੱਧਰ ਦੀਆਂ ਚੋਣਾਂ ਅਤੇ ਡੈਲੀਗੇਟਾਂ ਦੀ ਚੋਣ ਦਾ ਅਮਲ ਨੇਪਰੇ ਚੜ੍ਹਨ ਦੀ ਉਮੀਦ ਹੈ। ਕੋਰ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮ ਸਾਲ ਭਰ ਚਲਾਈ ਰੱਖਣ ਦਾ ਫ਼ੈਸਲਾ ਵੀ ਲਿਆ ਹੈ। ਪਾਰਟੀ ਦਾ ਮੰਨਣਾ ਹੈ ਕਿ ਧਾਰਮਿਕ ਸਮਾਗਮਾਂ ਦੀ ਆੜ ਹੇਠ ਆਗੂ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਕੰਮ ਕਰਨਗੇ। ਇਸ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕੇ ਵਾਰ ਅਨੁਸਾਰ ਕੀਰਤਨ ਦਰਬਾਰ ਸਜਾ ਕੇ ਲੰਗਰ ਲਾਏ ਜਾਣ ਅਤੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਾਉਣ ਦੀ ਗੱਲ ਆਖੀ ਗਈ ਹੈ। ਕੋਰ ਕਮੇਟੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ 11 ਕਰੋੜ ਰੁਪਏ ਸਟੇਜ ’ਤੇ ਖ਼ਰਚ ਕਰਨ ਦੇ ਦੋਸ਼ਾਂ ਸਬੰਧੀ ਵੀ ਲੋਕਾਂ ’ਚ ਸਥਿਤੀ ਸਪੱਸ਼ਟ ਕਰਨ ਦੀ ਗੱਲ ਕੀਤੀ। ਮੀਟਿੰਗ ਦੌਰਾਨ ਇਹ ਤੱਥ ਵੀ ਰੱਖੇ ਗਏ ਕਿ 11 ਕਰੋੜ ਰੁਪਏ ਸਿਰਫ਼ ਸਟੇਜ ਲਈ ਨਹੀਂ ਸਨ ਸਗੋਂ ਹੋਰ ਵੀ ਕਈ ਤਰ੍ਹਾਂ ਦੇ ਵੱਡੇ ਖ਼ਰਚ ਸਨ ਤੇ ਇਹ ਬਕਾਇਦਾ ਟੈਂਡਰ ਮੰਗ ਕੇ ਕੰਮ ਅਲਾਟ ਕੀਤੇ ਗਏ ਸਨ। ਮੀਟਿੰਗ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਜਿਸ ’ਚ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।