ਢਿੱਲਵਾਂ ਕਤਲ ਕਾਂਡ: ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਅਕਾਲੀ ਦਲ ਨੇ ਐੱਸਐੱਸਪੀ ਦਫ਼ਤਰ ਘੇਰਿਆ

ਢਿੱਲਵਾਂ ਕਤਲ ਕਾਂਡ: ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਅਕਾਲੀ ਦਲ ਨੇ ਐੱਸਐੱਸਪੀ ਦਫ਼ਤਰ ਘੇਰਿਆ

ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅੱਜ ਇੱਥੋਂ ਦੇ ਐੱਸਐੱਸਪੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦਲਬੀਰ ਸਿੰਘ ਢਿੱਲਵਾਂ ਕਤਲ ਕੇਸ ਦਾ ਮਾਮਲਾ ਸੀਬੀਆਈ ਤੱਕ ਲਿਜਾਇਆ ਜਾਵੇਗਾ। ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦੁਆਰਾ ਆਮ ਲੋਕਾਂ ’ਤੇ ਕਰਵਾਏ ਗਏ ਪੁਲੀਸ ਮਾਮਲਿਆਂ ਨੂੰ ਮੁੜ ਖੁੱਲ੍ਹਵਾਇਆ ਜਾਵੇਗਾ ਤੇ ਸਬੰਧਤ ਪੁਲੀਸ ਅਧਿਕਾਰੀਆਂ ਨੂੰ ਇਸੇ ਕੜੀ ’ਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਬੇਕਸੂਰ ਲੋਕਾਂ ਨੂੰ ਨਿਆਂ ਮਿਲ ਸਕੇ।
ਉਨ੍ਹਾਂ ਐੱਸਐੱਸਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ’ਤੇ ਵੀ ਕੇਸ ਦਰਜ ਹੋਣ ਦੀ ਮੰਗ ਕੀਤੀ। ਉਨ੍ਹਾਂ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਜੇਲ੍ਹ ’ਚ ਬੰਦ ਗੈਂਗਸਰਟਾਂ ਰਾਹੀਂ ਕਥਿਤ ਪੈਸੇ ਵਸੂਲਣ ਦੇ ਇਲਜ਼ਾਮ ਵੀ ਲਗਾਏ। ਜਦਕਿ ਮੰਤਰੀ ਰੰਧਾਵਾ ਨੇ ਬਾਦਲ ਅਤੇ ਮਜੀਠੀਆ ਦੁਆਰਾ ਅੱਜ ਲਗਾਏ ਇਲਜ਼ਾਮਾਂ ਨੂੰ ਰੱਦ ਕਰਦਿਆਂ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਐੱਸਐੱਸਪੀ ਬਟਾਲਾ ਖ਼ਿਲਾਫ਼ ਕਮਿਸ਼ਨ ਬਿਠਾਈ ਜਾਵੇਗੀ।
ਉਨ੍ਹਾਂ ਐੱਸਐੱਸਪੀ ’ਤੇ ਕਥਿਤ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਦਲਬੀਰ ਸਿੰਘ ਢਿੱਲਵਾਂ ਦਾ ਕਤਲ 18 ਨਵੰਬਰ ਨੂੰ ਹੋਇਆ ਹੈ, ਪਰ ਬਟਾਲਾ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਮੁਲਜ਼ਮ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਰੰਧਾਵਾ ਦੇ ਕਥਿਤ ਇਸ਼ਾਰੇ ਉੱਤੇ ਕਾਂਗਰਸ ਦੀ ਕਰਜ਼ਾ ਮੁਆਫੀ ਸਕੀਮ ਦੇ ਮੁੱਖ ਚਿਹਰੇ ਬੁੱਧ ਸਿੰਘ ਉੱਤੇ ਵੀ ਇੱਕ ਕਾਂਗਰਸੀ ਆਗੂ ਦੇ ਬੇਟੇ ਵੱਲੋਂ ਹਮਲਾ ਕੀਤਾ ਗਿਆ ਸੀ, ਕਿਉਂਕਿ ਬੁੱਧ ਸਿੰਘ ਨੇ ਕਾਂਗਰਸ ਸਰਕਾਰ ਦੀ ਪੋਲ੍ਹ ਖੋਲ੍ਹ ਦਿੱਤੀ ਸੀ। ਮਜੀਠੀਆ ਨੇ ਦੱਸਿਆ ਕਿ ਇਲਾਕੇ ਦੇ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਏ ਨੂੰ ਜੇਲ੍ਹ ਵਿਚ ਫੋਨ ਦਾ ਇਸਤੇਮਾਲ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਵੱਲੋਂ ਇਸ ਹੱਦ ਤਕ ਗੈਂਗਸਟਰਾਂ ਦਾ ਬਚਾਅ ਕੀਤਾ ਜਾਂਦਾ ਹੈ ਕਿ ਉਸ ਨੇ ਮਾਨਸਾ ਵਿਚ ਇੱਕ ਗੈਂਗਵਾਰ ਦੌਰਾਨ ਮਾਰੇ ਗਏ ਗੈਂਗਸਟਰ ਮਨਪ੍ਰੀਤ ਮੰਨਾ ਦੀ ਖੁੱਲ੍ਹ ਕੇ ਵਕਾਲਤ ਕੀਤੀ ਸੀ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਡਾ. ਦਲਜੀਤ ਸਿੰਘ ਚੀਮਾ, ਕੈਪਟਨ ਬੀਐੱਸ ਬਾਠ, ਗੁਰਬਚਨ ਸਿੰਘ ਬੱਬੇਹਾਲੀ, ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਐੱਸਐੱਸਪੀ ਬਟਾਲਾ ਕਥਿਤ ਦਬਾਅ ਹੇਠ ਕੰਮ ਕਰ ਰਿਹਾ ਹੈ। ਮੰਤਰੀ ਰੰਧਾਵਾ ਨੇ ਕਿਹਾ ਕਿ ਬਾਦਲ ਤੇ ਮਜੀਠੀਆ ਵੱਲੋਂ ਲਾਏ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੀਬੀਆਈ ਜਾਂ ਹੋਰ ਕਿਸੇ ਏਜੰਸੀ ਤੋਂ ਜਾਂਚ ਕਰਵਾ ਲਵੇ, ਉਸ ਦਾ ਇਸ ਘਟਨਾ ਨਾਲ ਕੋਈ ਵਾਸਤਾ ਨਹੀਂ ਹੈ।

Radio Mirchi