ਢੀਂਡਸਿਆਂ ਨੇ ਰੈਲੀ ਕਰ ਕੇ ਬਾਦਲਾਂ ਨੂੰ ਭਾਜੀ ਮੋੜੀ
ਸੁਖਦੇਵ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇੱਥੇ ‘ਪੰਜਾਬ ਬਚਾਓ-ਪੰਥ ਬਚਾਓ’ ਨਾਂ ਹੇਠ ਵੱਡੀ ਰੈਲੀ ਕਰ ਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕੀਤਾ। ਢੀਂਡਸਿਆਂ ਨੇ ਇਸ ਮੌਕੇ ਲੋਕਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰਨ ਦਾ ਮਤਾ ਵੀ ਪਾਸ ਕਰਵਾਇਆ ਤੇ ਬਾਦਲਾਂ ਨੂੰ ਉਨ੍ਹਾਂ ਦੇ ਹੀ ਅੰਦਾਜ਼ ਵਿਚ ਸਿਆਸੀ ਭਾਜੀ ਮੋੜ ਦਿੱਤੀ। ਦੋ ਫਰਵਰੀ ਨੂੰ ਇਸੇ ਥਾਂ ’ਤੇ ਢੀਂਡਸਾ ਪਿਤਾ-ਪੁੱਤਰ ਖ਼ਿਲਾਫ਼ ਅਕਾਲੀ ਦਲ ਨੇ ਮਤੇ ਪਾਸ ਕਰਵਾਏ ਸਨ। ਰੈਲੀ ਦੌਰਾਨ ਅਕਾਲ ਤਖ਼ਤ ਸਾਹਿਬ, ਐੱਸਜੀਪੀਸੀ ਅਤੇ ਹੋਰ ਪੰਥਕ ਸੰਸਥਾਵਾਂ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਅਹਿਦ ਲਿਆ ਗਿਆ। ਇਸ ਨੂੰ ਸੰਗਰੂਰ ਦੀ ਧਰਤੀ ਤੋਂ ਗੁਰਦੁਆਰਾ ਸੁਧਾਰ ਲਹਿਰ ਦੀ ਮੁੜ ਸ਼ੁਰੂਆਤ ਕਰਾਰ ਦਿੱਤਾ ਗਿਆ। ਇਸ ਮੌਕੇ ਬੇਅਦਬੀ ਦੀਆਂ ਘਟਨਾਵਾਂ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਮੁੱਦੇ ਵੀ ਉੱਭਰੇ। ਬਾਦਲ ਪਰਿਵਾਰ ਹੀ ਜ਼ਿਆਦਾਤਰ ਬੁਲਾਰਿਆਂ ਦੇ ਨਿਸ਼ਾਨੇ ’ਤੇ ਰਿਹਾ। ਰੈਲੀ ਦੌਰਾਨ ਦੋ ਗੁਰਸਿੱਖ ਚੋਲੇ ਪਾ ਕੇ ‘ਸ਼੍ਰੋਮਣੀ ਅਕਾਲੀ ਦਲ’ ਤੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ (ਐੱਸਜੀਪੀਸੀ) ਨੂੰ ਗੁਲਾਮ ਦਰਸਾਉਂਦਿਆਂ ਸੰਗਲਾਂ ’ਚ ਜਕੜੇ ਹੋਏ ਖੜ੍ਹੇ ਸਨ। ਪਰਮਿੰਦਰ ਸਿੰਘ ਢੀਂਡਸਾ ਨੇ ਦੋਵਾਂ ਨੂੰ ‘ਗੁਲਾਮੀ ਤੋਂ ਆਜ਼ਾਦ ਕਰਾਉਣ ਦੀ ਰਸਮ’ ਵੀ ਅਦਾ ਕੀਤੀ। ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ‘ਜੇਕਰ ਇੱਕ ਵਿਅਕਤੀ ਦੀ ਕਾਰਗੁਜ਼ਾਰੀ ਖ਼ਿਲਾਫ਼ ਬੋਲਣਾ ਪਿੱਠ ’ਚ ਛੁਰਾ ਮਾਰਨਾ ਹੈ ਤਾਂ ਅਸੀਂ ਪਿੱਠ ’ਚ ਛੁਰਾ ਜ਼ਰੂਰ ਮਾਰਿਆ ਹੈ ਪਰ ਜਿਨ੍ਹਾਂ ਨੇ ਸਿੱਖ ਕੌਮ ਤੇ ਸਿੱਖ ਪ੍ਰੰਪਰਾ ਦਾ ਘਾਣ ਕਰ ਦਿੱਤਾ, ਉਨ੍ਹਾਂ ਨੂੰ ਸਵਾਲ ਕੌਣ ਕਰੇਗਾ?’ ਉਨ੍ਹਾਂ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਵਲੋਂ ਇਸ ਥਾਂ ’ਤੇ ਰੈਲੀ ਨੂੰ ਉਨ੍ਹਾਂ ਦੇ ਪਰਿਵਾਰ ਦੀ ਅੰਤਿਮ ਅਰਦਾਸ ਕਰਾਰ ਦਿੱਤਾ ਗਿਆ ਸੀ ਪਰ ਉਹ ਆਪਣੇ ਦੁਸ਼ਮਣ ਬਾਰੇ ਵੀ ਅਜਿਹਾ ਨਹੀਂ ਸੋਚ ਸਕਦੇ। ਉਹ ਬਾਦਲ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਹਨ। ਸ੍ਰੀ ਢੀਂਡਸਾ ਨੇ ਸੰਗਤ ਤੋਂ ਮੁਆਫ਼ੀ ਵੀ ਮੰਗੀ ਕਿ ਉਨ੍ਹਾਂ ਨੂੰ ਫ਼ੈਸਲਾ ਲੈਣ ’ਚ ਦੇਰੀ ਹੋਈ ਹੈ। ਪਰਮਿੰਦਰ ਨੇ ਸੁਖਬੀਰ ਨੂੰ ਚੁਣੌਤੀ ਦਿੱਤੀ ਕਿ ਉਹ ਅਕਾਲੀ ਦਲ ਵੱਲੋਂ ਐੱਸਜੀਪੀਸੀ ਚੋਣਾਂ ਕਰਵਾਉਣ ਲਈ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਣ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਕੇਂਦਰ ’ਚ ਭਾਈਵਾਲ ਭਾਜਪਾ ਨੂੰ ਐੱਸਜੀਪੀਸੀ ਚੋਣਾਂ ਕਰਵਾਉਣ ਤੋਂ ਰੋਕ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ’ਤੇ ਬੇਅਦਬੀ ਤੇ ਨਸ਼ਿਆਂ ਖ਼ਿਲਾਫ਼ ਪੜਤਾਲਾਂ ਠੱਪ ਕਰਵਾਉਣ ਦਾ ਦੋਸ਼ ਲਾਇਆ। ਪਰਮਿੰਦਰ ਨੇ ਦੋਸ਼ ਲਾਇਆ ਕਿ ਐੱਸਜੀਪੀਸੀ ਪ੍ਰਧਾਨ ਗੁਰੂ ਘਰਾਂ ਦੀ ਸੇਵਾ ਛੱਡ ਬਾਦਲ ਪਰਿਵਾਰ ਦੀ ਸੇਵਾ ਵਿਚ ਜੁਟਿਆ ਹੋਇਆ ਹੈ।