ਤਰਨ ਤਾਰਨ ਧਮਾਕਾ: ਦੋ ਬੱਚਿਆਂ ਦਾ ਅੰਤਿਮ ਸੰਸਕਾਰ

ਤਰਨ ਤਾਰਨ ਧਮਾਕਾ: ਦੋ ਬੱਚਿਆਂ ਦਾ ਅੰਤਿਮ ਸੰਸਕਾਰ

ਪਹੁਵਿੰਡ ਤੋਂ ਟਾਹਲਾ ਸਾਹਿਬ ਜਾ ਰਹੇ ਨਗਰ ਕੀਰਤਨ ਦੌਰਾਨ ਪਿੰਡ ਡਾਲੇਕੇ ਨੇੜੇ ਟਰਾਲੀ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ ਦੋ ਬੱਚਿਆਂ ਗੁਰਪ੍ਰੀਤ ਸਿੰਘ ਪੁੱਤਰ ਨਿਰਵੈਰ ਸਿੰਘ ਤੇ ਮਨਦੀਪ ਸਿੰਘ ਪੁੱਤਰ ਵਜ਼ੀਰ ਸਿੰਘ ਦਾ ਅੱਜ ਨਮ ਅੱਖਾਂ ਨਾਲ ਉਨ੍ਹਾਂ ਦੇ ਪਿੰਡ ਪਹੁਵਿੰਡ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਪੋਸਟਮਾਰਟਮ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਪੁੱਜੀਆਂ ਤਾਂ ਪਿੰਡ ਵਿਚ ਸੋਗ ਫੈਲ ਗਿਆ। ਪਿੰਡ ਦੇ ਸ਼ਮਸ਼ਾਨਘਾਟ ਵਿਚ ਇਕੋ ਸਮੇਂ ਦੋਹਾਂ ਬੱਚਿਆਂ ਦੀ ਚਿਤਾ ਨੂੰ ਅਗਨੀ ਵਿਖਾਈ ਗਈ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪ੍ਰਸ਼ਾਸਨਿਕ, ਧਾਰਮਿਕ ਅਤੇ ਰਾਜਨੀਤਕ ਆਗੂ ਵੀ ਪੁੱਜੇ ਜਿਨ੍ਹਾਂ ਵਿਚ ਐੱਸਡੀਐਮ ਪੱਟੀ ਨਰਿੰਦਰ ਸਿੰਘ ਧਾਲੀਵਾਲ, ਐੱਸਪੀਡੀ ਜਗਜੀਤ ਸਿੰਘ ਵਾਲੀਆ, ਵਿਰਸਾ ਸਿੰਘ ਵਲਟੋਹਾ ਅਕਾਲੀ ਦਲ, ਕਾਂਗਰਸੀ ਆਗੂ ਗੁਰਚੇਤ ਸਿੰਘ ਭੁੱਲਰ ਤੇ ਬਾਬਾ ਬਿੱਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸ਼ਾਮਿਲ ਸਨ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਮ੍ਰਿਤਕ ਪਰਿਵਾਰ ਨੂੰ 5-5 ਲੱਖ ਦੀ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਹੈ ਪਰ ਘੱਟੋ-ਘੱਟ 10 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਪ੍ਰਸ਼ਾਸਨ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰੇ ਤਾਂ ਜੋ ਅਜਿਹੀਆਂ ਘਟਨਾਵਾਂ ਅੱਗੇ ਨਾ ਵਾਪਰਨ।
ਤਰਨ ਤਾਰਨ, (ਗੁਰਬਖਸ਼ਪੁਰੀ): ਧਮਾਕੇ ਦੇ ਦੋਵਾਂ ਮ੍ਰਿਤਕਾਂ ਦਾ ਅੱਜ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਨੇ ਪੋਸਟ ਮਾਰਟਮ ਕੀਤਾ। ਇਸ ਮੌਕੇ ਐਸਐਸਪੀ ਧੁਰਵ ਦਹੀਆ ਵੀ ਮੌਜੂਦ ਸਨ। ਸਥਾਨਕ ਥਾਣਾ ਸਿਟੀ ਪੁਲੀਸ ਨੇ ਇਸ ਧਮਾਕੇ ਸਬੰਧੀ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਨਗਰ ਕੀਰਤਨ ਵਿੱਚ 20 ਜ਼ਖਮੀਆਂ ਵਿੱਚੋਂ ਜ਼ਿਆਦਾਤਰ ਨੂੰ ਇਲਾਜ ਉਪਰੰਤ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ| ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਦੱਸਿਆ ਕਿ ਛੇ ਜ਼ਖਮੀ ਇਥੋਂ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਿਟੀ ਹਸਪਤਾਲ ਵਿਚ ਇਲਾਜ ਅਧੀਨ ਹਨ। ਇਨ੍ਹਾਂ ਵਿੱਚੋਂ ਹਰਮਨ ਸਿੰਘ ਅਤੇ ਗੁਰਕੀਰਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਇਕ ਜ਼ਖਮੀ ਅਜੈਪਾਲ ਸਿੰਘ ਦੀ ਖੱਬੀ ਅੱਖ ਖਰਾਬ ਹੋ ਗਈ ਹੈ ਜਿਸ ਦਾ ਅੱਜ ਅਪਰੇਸ਼ਨ ਕੀਤਾ ਗਿਆ। ਡੀਸੀ ਨੇ ਦੱਸਿਆ ਕਿ ਮੈਜਿਸਟੀਰੀਅਲ ਜਾਂਚ ਦਾ ਕੰਮ ਐਸਡੀਐਮ ਰਜਨੀਸ਼ ਅਰੋੜਾ ਨੂੰ ਸੌਂਪ ਦਿੱਤਾ ਗਿਆ ਹੈ।

Radio Mirchi