ਤਰਨ ਤਾਰਨ ਨੇੜੇ ਨਗਰ ਕੀਰਤਨ ਦੌਰਾਨ ਧਮਾਕਾ; ਤਿੰਨ ਮੌਤਾਂ
ਨੇੜਲੇ ਪਿੰਡ ਡਾਲੇਕੇ ਵਿੱਚ ਅੱਜ ਨਗਰ ਕੀਰਤਨ ਦੌਰਾਨ ਚਲਾਏ ਜਾਣ ਵਾਲੇ ਪਟਾਕਿਆਂ ਦੀਆਂ ਬੋਰੀਆਂ ਨੂੰ ਅੱਗ ਲੱਗ ਜਾਣ ਨਾਲ ਹੋਏ ਧਮਾਕੇ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵੀ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚੋਂ 11 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸ਼ਹੀਦ ਬਾਬਾ ਦੀਪ ਸਿੰਘ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਪਹੁਵਿੰਡ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਤੋਂ ਗੁਰਦੁਆਰਾ ਟਾਹਲਾ ਸਾਹਿਬ ਚੱਬਾ ਜਾ ਰਿਹਾ ਸੀ| ਨਗਰ ਕੀਰਤਨ ਜਦੋਂ ਪਿੰਡ ਡਾਲੇਕੇ ਪੁੱਜਿਆ ਤਾਂ ਇਸ ਵਿੱਚ ਸ਼ਾਮਲ ਸ਼ਰਧਾਲੂਆਂ ਵਲੋਂ ਚਲਾਈ ਜਾ ਰਹੀ ਆਤਿਸ਼ਬਾਜ਼ੀ ’ਚੋਂ ਨਿਕਲੇ ਚੰਗਿਆੜਿਆਂ ਨਾਲ ਟਰਾਲੀ ਵਿੱਚ ਬੋਰੀਆਂ ’ਚ ਰੱਖੇ ਪਟਾਕਿਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਇਸ ਕਾਰਨ ਮੌਕੇ ’ਤੇ ਹਫ਼ੜਾ-ਦਫੜੀ ਮੱਚ ਗਈ। ਇਸ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਸਰੀਰ ਦੇ ਚੀਥੜੇ ਦੂਰ-ਦੂਰ ਤੱਕ ਖਿੱਲਰ ਗਏ| ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਪਹੁਵਿੰਡ ਵਜੋਂ ਹੋਈ ਹੈ। ਧਮਾਕੇ ਵਿੱਚ ਗੰਭੀਰ ਜ਼ਖ਼ਮੀ ਹੋਏ 12 ਵਰ੍ਹਿਆਂ ਦੇ ਗੁਰਪ੍ਰੀਤ ਸਿੰਘ ਵਾਸੀ ਪਹੁਵਿੰਡ ਦੀ ਇੱਥੋਂ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਤੀਜੇ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਧਮਾਕੇ ਕਾਰਨ ਜ਼ਖ਼ਮੀ ਹੋਏ 13 ਸ਼ਰਧਾਲੂਆਂ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੋਂ 11 ਦੀ ਹਾਲਤ ਗੰਭੀਰ ਹੋਣ ਕਰਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਕਈ ਹੋਰ ਜ਼ਖ਼ਮੀਆਂ ਨੂੰ ਇੱਥੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ| ਜ਼ਖ਼ਮੀਆਂ ਵਿੱਚ ਗੁਰਕੀਰਤ ਸਿੰਘ, ਗੁਰਸਿਮਰਨ ਸਿੰਘ, ਗੁਰਨੂਰ ਸਿੰਘ, ਹਰਮਨ ਸਿੰਘ, ਦਵਿੰਦਰ ਸਿੰਘ, ਨਰਾਇਣਦੀਪ ਸਿੰਘ, ਅਜੇਪਾਲ ਸਿੰਘ, ਅਨਮੋਲਪ੍ਰੀਤ ਸਿੰਘ, ਸਰਗੁਣਪ੍ਰੀਤ ਸਿੰਘ, ਪਰਮਜੋਤ ਸਿੰਘ, ਸਰਬਜੋਤ ਸਿੰਘ, ਕਿਰਤ ਸਿੰਘ ਆਦਿ ਸ਼ਾਮਲ ਹਨ| ਜ਼ਖ਼ਮੀਆਂ ਵਿਚੋਂ ਜ਼ਿਆਦਾਤਰ ਦੀ ਉਮਰ 15 ਤੋਂ 25 ਸਾਲ ਵਿਚਾਲੇ ਹੈ। ਸਿਵਲ ਹਸਪਤਾਲ ਦੇ ਐੱਸਐੱਮਓ ਇੰਚਾਰਜ ਡਾ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਡਾਕਟਰਾਂ ਦੀ ਟੀਮ ਜ਼ਖ਼ਮੀਆਂ ਦੇ ਇਲਾਜ ਵਿੱਚ ਰੁੱਝ ਗਈ| ਨਗਰ ਕੀਰਤਨ ਦਾ ਪ੍ਰਬੰਧ ਅੰਮ੍ਰਿਤਸਰ ਵਾਲੇ ਭਾਈ ਗੁਰਕਿਰਪਾਲ ਸਿੰਘ ਵਲੋਂ ਕੀਤਾ ਗਿਆ ਸੀ| ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਹਾਦਸੇ ਦੇ ਮ੍ਰਿਤਕਾਂ ਦੀ ਗਿਣਤੀ ਦੋ ਦੱਸੀ ਹੈ| ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ-ਪੰਜ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ| ਇਸ ਦੇ ਨਾਲ ਹੀ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।