ਤਸਕਰਾਂ ਤੇ ਪੁਲੀਸ ’ਚ ਟਕਰਾਅ; ਇੱਕ ਹਲਾਕ
ਬਠਿੰਡਾ/ਡੱਬਵਾਲੀ-ਹਰਿਆਣਾ ਦੇ ਨਸ਼ਾ ਤਸਕਰਾਂ ਨੇ ਅੱਜ ਬਠਿੰਡਾ ਪੁਲੀਸ ਦੀ ਟੀਮ ‘ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਅੱਧੀ ਦਰਜਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਟੀਮ ਨਸ਼ਾ ਤਸਕਰਾਂ ਦੀ ਭਾਲ ‘ਚ ਅੱਜ ਸਿਰਸਾ ਦੇ ਪਿੰਡ ਦੇਸੂ ਜੋਧਾ ਗਈ ਸੀ, ਜਿਥੇ ਤਸਕਰਾਂ ਅਤੇ ਪੁਲੀਸ ਦਰਮਿਆਨ ਖੂਨੀ ਟਕਰਾਓ ਹੋਇਆ। ਇਸ ਦੌਰਾਨ ਗੋਲੀ ਲੱਗਣ ਕਾਰਨ ਬਜ਼ੁਰਗ ਜੱਗਾ ਸਿੰਘ (65) ਦੀ ਮੌਤ ਹੋ ਗਈ। ਸਿਪਾਹੀ ਕਮਲਜੀਤ ਸਿੰਘ ਦੀ ਛਾਤੀ ‘ਚ ਗੋਲੀ ਲੱਗੀ ਹੈ ਅਤੇ ਮੁਲਾਜ਼ਮ ਸੁਖਦੇਵ ਸਿੰਘ ਦੇ ਗੰਭੀਰ ਚੋਟਾਂ ਆਈਆਂ ਹਨ। ਦੋਵਾਂ ਮੁਲਾਜ਼ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਰਿਆਣਾ ਚੋਣਾਂ ਦੇ ਮੌਕੇ ਹੋਏ ਇਸ ਖੂਨੀ ਟਕਰਾਅ ਕਾਰਨ ਪਿੰਡ ਦੇਸੂ ਜੋਧਾ ਵਿਚ ਤਣਾਅ ਹੈ।
ਪੰਜਾਬ ਹਰਿਆਣਾ ਸੀਮਾ ‘ਤੇ ਪੈਂਦੇ ਇਸ ਪਿੰਡ ‘ਚ ਕਰੀਬ ਇੱਕ ਘੰਟਾ ਜੰਮ ਕੇ ਟਕਰਾਓ ਹੋਇਆ। ਹਜੂਮ ਨੇ ਪੁਲੀਸ ਟੀਮ ਤੋਂ ਹਥਿਆਰ ਖੋਹ ਲਏ ਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਹਰਿਆਣਾ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜ਼ਖਮੀ ਪੁਲੀਸ ਮੁਲਾਜ਼ਮਾਂ ਨੂੰ ਹਸਪਤਾਲ ਪਹੁੰਚਾਇਆ। ਟੀਮ ਨਾਲ ਗਈ ਮਹਿਲਾ ਪੁਲੀਸ ਮੁਲਾਜ਼ਮ ਮਨਪ੍ਰੀਤ ਕੌਰ ਨੂੰ ਪਿੰਡ ਵਾਸੀਆਂ ਨੇ ਹਜੂਮ ਦੇ ਚੁੰਗਲ ਵਿਚੋਂ ਛੁਡਾਇਆ। ਜ਼ਖਮੀਆਂ ਵਿਚ ਸਬ ਇੰਸਪੈਕਟਰ ਹਰਜੀਵਨ ਸਿੰਘ, ਜਸਕਰਨ ਸਿੰਘ, ਸੁਖਦੇਵ ਸਿੰਘ ਤੇ ਗੁਰਤੇਜ ਸਿੰਘ (ਤਿੰਨੋਂ ਏ.ਐਸ.ਆਈ), ਹੌਲਦਾਰ ਜਗਮੀਤ ਸਿੰਘ, ਸਿਪਾਹੀ ਕਮਲਦੀਪ ਸਿੰਘ ਅਤੇ ਮਨਪ੍ਰੀਤ ਕੌਰ ਸ਼ਾਮਿਲ ਹਨ।
ਜਾਣਕਾਰੀ ਅਨੁਸਾਰ ਬਠਿੰਡਾ ਪੁਲੀਸ ਨੇ 7 ਅਕਤੂਬਰ ਨੂੰ ਪਿੰਡ ਚਨਾਰਥਲ (ਬਠਿੰਡਾ) ਦੇ ਗਗਨਦੀਪ ਸਿੰਘ ਅਤੇ ਮਨਦੀਪ ਸਿੰਘ ਤੋਂ ਛੇ ਹਜ਼ਾਰ ਨਸ਼ੀਲੀਆਂ ਗੋਲੀਆਂ ਫੜੀਆਂ ਸਨ। ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਪਿੰਡ ਦੇਸੂ ਜੋਧਾ ਦੇ ਕੁਲਵਿੰਦਰ ਸਿੰਘ ਕਾਂਤੀ ਤੋਂ ਲਿਆਏ ਸਨ। ਸੀਆਈਏ ਵਨ ਦੀ ਟੀਮ ਸਵੇਰੇ 5.30 ਵਜੇ ਸਬ ਇੰਸਪੈਕਟਰ ਹਰਜੀਵਨ ਸਿੰਘ ਦੀ ਅਗਵਾਈ ਵਿਚ ਦੇਸੂ ਜੋਧਾ ਲਈ ਰਵਾਨਾ ਹੋਈ। ਜਦੋਂ ਪੁਲੀਸ ਦੇਸੂ ਜੋਧਾ ਦੇ ਕੁਲਵਿੰਦਰ ਸਿੰਘ ਦੇ ਘਰ ਪੁੱਜੀ ਤਾਂ ਉਥੇ ਮੌਜੂਦ ਵੱਡੀ ਗਿਣਤੀ ਲੋਕਾਂ ਨੇ ਪੁਲੀਸ ਨੂੰ ਘੇਰਾ ਪਾ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਹਥਿਆਰ ਖੋਹ ਲਏ। ਇਸ ਦਾ ਪਤਾ ਚੱਲਣ ’ਤੇ ਹਰਿਆਣਾ ਪੁਲੀਸ ਦੀ ਟੀਮ ਮੌਕੇ ’ਤੇ ਪੁੱਜੀ ਤੇ ਪੁਲੀਸ ਮੁਲਾਜ਼ਮਾਂ ਨੂੰ ਛੁਡਾਇਆ। ਪੁਲੀਸ ਅਨੁਸਾਰ ਕੁਲਵਿੰਦਰ ਸਿੰਘ ਅਤੇ ਉਸ ਦੇ ਭਰਾ ਭਿੰਦਾ ‘ਤੇ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ। ਕੁਝ ਸਮਾਂ ਪਹਿਲਾਂ ਹੀ ਦੋਨੋਂ ਭਰਾ ਜੇਲ੍ਹ ’ਚੋਂ ਜ਼ਮਾਨਤ ‘ਤੇ ਆਏ ਹਨ। ਪੁਲੀਸ ਨੇ ਇਨ੍ਹਾਂ ਦੇ ਪਿਤਾ ਤੇਜਾ ਸਿੰਘ ਨੂੰ ਵੀ ਪੋਸਤ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮਾਂ ਦੇ ਘਰ ਦੇ ਬਾਹਰ ਨਸ਼ੇੜੀਆਂ ਦਾ ਤਾਂਤਾ ਲੱਗਾ ਰਹਿੰਦਾ ਸੀ। ਪੁਲੀਸ ਦੀ ਟੀਮ ਅੱਜ ਜਦੋਂ ਉਕਤ ਪਤੇ ’ਤੇ ਪੁੱਜੀ ਤਾਂ ਉਥੇ ਕੁਲਵਿੰਦਰ ਸਿੰਘ ਦੇ ਚਾਚਾ ਜੱਗਾ ਸਿੰਘ ਤੇ ਮੰਦਰ ਸਿੰਘ ਸਮੇਤ ਹੋਰ ਲੋਕ ਵੀ ਮੌਜੂਦ ਸਨ। ਪੁਲੀਸ ਨੂੰ ਦੇਖਦੇ ਹੀ ਉਥੇ ਰੌਲਾ ਪੈ ਗਿਆ। ਬੇਅੰਤ ਕੌਰ ਦਾ ਕਹਿਣਾ ਹੈ ਕਿ ਪੁਲੀਸ ਨੇ ਅਚਾਨਕ ਉਨ੍ਹਾਂ ਦੇ ਘਰ ਆ ਕੇ ਕੁੱਟਮਾਰ ਅਤੇ ਗੋਲੀਬਾਰੀ ਕੀਤੀ, ਜਿਸ ਨਾਲ ਬਜ਼ੁਰਗ ਜੱਗਾ ਸਿੰਘ ਦੀ ਮੌਤ ਹੋਈ ਹੈ। ਔਰਤਾਂ ਦਾ ਇਲਜ਼ਾਮ ਸੀ ਕਿ ਪੁਲੀਸ ਨੇ ਧੱਕਾ ਕੀਤਾ ਹੈ, ਜਦੋਂ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਘੜੀਸ ਘੜੀਸ ਕੇ ਕੁੱਟਿਆ ਗਿਆ। ਜ਼ਿਲ੍ਹਾ ਪੁਲੀਸ ਸਿਰਸਾ ਦੇ ਬੁਲਾਰੇ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਹਰਜੀਵਨ ਸਿੰਘ ਦੇ ਬਿਆਨਾਂ ‘ਤੇ ਕੇਸ ਦਰਜ ਕੀਤਾ ਹੈ। ਡੱਬਵਾਲੀ ਸ਼ਹਿਰੀ ਥਾਣੇ ਵਿਚ ਮੁਲਜ਼ਮ ਗਗਨਜੀਤ ਸਿੰਘ ਵਾਸੀ ਚਨਾਰਥਲ, ਕੁਲਵਿੰਦਰ ਸਿੰਘ ਤੇ ਉਸ ਦੇ ਭਰਾ ਭਿੰਦਾ ਸਿੰਘ ਤੋਂ ਇਲਾਵਾ ਤੇਜਾ ਸਿੰਘ ਅਤੇ ਚਾਚੇ ਜੱਗਾ ਸਿੰਘ ਸਮੇਤ 40/50 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਬਠਿੰਡਾ ਪੁਲੀਸ ਦਾ ਕਹਿਣਾ ਹੈ ਕਿ ਪੁਲੀਸ ਟੀਮ ਤੋਂ ਹਥਿਆਰ ਖੋਹ ਕੇ ਤਸਕਰਾਂ ਨੇ ਗੋਲੀਬਾਰੀ ਕੀਤੀ ਜਿਸ ਵਿੱਚ ਬਜ਼ੁਰਗ ਦੀ ਮੌਤ ਹੋਈ ਹੈ। ਉਧਰ, ਪਰਿਵਾਰ ਵਾਲੇ ਆਖਦੇ ਹਨ ਕਿ ਪੁਲੀਸ ਦੀ ਗੋਲੀ ਨਾਲ ਬਜ਼ੁਰਗ ਦੀ ਮੌਤ ਹੋਈ ਹੈ।