ਤਾਨਾਸ਼ਾਹ ਕਿਮ ਜੋਂਗ ਦੀ ਸਿਹਤਯਾਬੀ ਲਈ ਟਰੰਪ ਨੇ ਕੀਤੀ ਕਾਮਨਾ, ਆਖੀ ਇਹ ਗੱਲ

ਤਾਨਾਸ਼ਾਹ ਕਿਮ ਜੋਂਗ ਦੀ ਸਿਹਤਯਾਬੀ ਲਈ ਟਰੰਪ ਨੇ ਕੀਤੀ ਕਾਮਨਾ, ਆਖੀ ਇਹ ਗੱਲ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਨ ਪਰ ਉਨ੍ਹਾਂ ਨੂੰ ਕਿਮ ਦੀ ਸਿਹਤ ਠੀਕ ਨਾ ਹੋਣ ਦੀ ਰਿਪੋਰਟ 'ਤੇ ਸ਼ੱਕ ਹੈ। 
ਕਈ ਮੀਡੀਆ ਰਿਪੋਰਟਾਂ ਵਿਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਤਾਨਾਸ਼ਾਹ ਕਿਮ ਜੋਂਗ ਬੀਮਾਰ ਹਨ ਤੇ ਉਨ੍ਹਾਂ ਦੀ ਸਥਿਤੀ ਗੰਭੀਰ ਹੈ। ਟਰੰਪ ਨੇ ਕਿਹਾ,"ਅਜਿਹੀਆਂ ਖਬਰਾਂ ਆਈਆਂ ਹਨ ਪਰ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਮੇਰੇ ਉਨ੍ਹਾਂ ਨਾਲ ਚੰਗੇ ਸਬੰਧ ਹਨ ਅਤੇ ਮੈਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ। ਜੇਕਰ ਅਸਲ ਵਿਚ ਹੀ ਉਨ੍ਹਾਂ ਦੀ ਅਜਿਹੀ ਹਾਲਤ ਹੈ ਜਿਵੇਂ ਕਿ ਰਿਪੋਰਟ ਵਿਚ ਦੱਸੀ ਗਈ ਹੈ ਤਾਂ ਇਹ ਕਾਫੀ ਗੰਭੀਰ ਹੈ।"
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉੱਤਰੀ ਕੋਰੀਆਈ ਨੇਤਾ ਦਾ ਹਾਲ ਪੁੱਛਣ ਲਈ ਉਨ੍ਹਾਂ ਕੋਲ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਉੱਤਰੀ ਕੋਰੀਆ ਵਿਚਕਾਰ ਯੁੱਧ ਵਰਗੇ ਹਾਲਾਤ ਹੁੰਦੇ ਜੇਕਰ ਉੱਥੇ ਕਿਮ ਜੋਂਗ ਦੀ ਥਾਂ ਕੋਈ ਹੋਰ ਨੇਤਾ ਹੁੰਦਾ। ਦੱਖਣੀ ਕੋਰੀਆ ਦੇ ਸਥਾਨਕ ਅਖਬਾਰ ਨੇ ਰਿਪੋਰਟ ਦਿੱਤੀ ਸੀ ਕਿ ਕਿਮ ਜੋਂਗ ਦੇ ਆਪਰੇਸ਼ਨ ਦੇ ਬਾਅਦ ਉਸ ਦੀ ਹਾਲਤ ਚਿੰਤਾਜਨਕ ਹੈ ਪਰ ਬਾਅਦ ਵਿਚ ਯੋਨਹਾਪ ਨਿਊਜ਼ ਏਜੰਸੀ ਨੇ ਦੱਖਣੀ ਕੋਰੀਆ ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਇਸ ਖਬਰ ਨੂੰ ਗਲਤ ਠਹਿਰਾਇਆ ਸੀ। ਇਸ ਵਿਚਕਾਰ ਕਿਮ ਜੋਂਗ ਇਸ ਮਹੀਨੇ ਆਪਣੇ ਸਵਰਗਵਾਸੀ ਦਾਦਾ ਜੀ ਦੇ 108ਵੇਂ ਜਨਮ ਦਿਨ 'ਤੇ ਸ਼ਾਮਲ ਨਹੀਂ ਹੋਏ, ਜਿਸ ਕਾਰਨ ਉਨ੍ਹਾਂ ਦੀ ਸਿਹਤ ਸਬੰਧੀ ਖਬਰਾਂ ਫੈਲਣ ਲੱਗ ਗਈਆਂ। ਸੱਚ ਕੀ ਹੈ, ਅਜੇ ਤੱਕ ਇਸ ਬਾਰੇ ਕੋਈ ਖਬਰ ਨਹੀਂ ਮਿਲੀ।
 

Radio Mirchi