ਤਿੱਬਤ ’ਚ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ ਚੀਨੀ ਫੌਜ

ਤਿੱਬਤ ’ਚ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ ਚੀਨੀ ਫੌਜ

ਭਾਰਤ ਦੀ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੀ ਸੈਟੇਲਾਈਟ ‘ਐਮੀਸੈਟ’ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਤੋਂ ਖੁਲਾਸਾ ਹੋਇਆ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਤਿੱਬਤ ’ਚ ਅਸਲ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ। ਇਸ ਸੈਟੇਲਾਈਟ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਅਾਰਡੀਓ) ਵੱਲੋਂ ਚਲਾਇਆ ਜਾਂਦਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਿਜਲਈ ਇੰਟੈਲੀਜੈਂਸ (ਈਐੱਲਆਈਐੱਨਟੀ) ਸਿਸਟਮ ‘ਕੌਟਲਯ’ ਨਾਲ ਲੈਸ ਹੈ ਇਹ ਸੈਟੇਲਾਈਟ ਬੀਤੇ ਦਿਨ ਅਰੁਣਾਚਲ ਪ੍ਰਦੇਸ਼ ਨੇੜਲੇ ਤਿੱਬਤੀ ਇਲਾਕੇ ਉੱਪਰੋਂ ਲੰਘੀ ਸੀ ਜਿੱਥੇ ਪੀਐੱਲਏ ਤਾਇਨਾਤ ਹੈ। ਇਸਰੋ ਵੱਲੋਂ ਤਿਆਰ ਐਮੀਸੈਟ ਦਾ ਈਐੱਲਆਈਐੱਨਟੀ ਮਿਸ਼ਨ ਉਨ੍ਹਾਂ ਰੇਡੀਓ ਸਿਗਨਲਾਂ ਦੀ ਪਛਾਣ ਕਰਦਾ ਹੈ ਜਿਨ੍ਹਾਂ ਦੀ ਵਰਤੋਂ ਦੁਸ਼ਮਣ ਵੱਲੋਂ ਕੀਤੀ ਜਾਂਦੀ ਹੈ। ਭਾਰਤ ਤੇ ਚੀਨ ਵੱਲੋਂ ਲੱਦਾਖ ਮਸਲੇ ’ਤੇ ਬੀਤੇ ਦਿਨ ਹੋਈ ਗੱਲਬਾਤ ਤੋਂ ਇੱਕ ਦਿਨ ਬਾਅਦ ਹੀ ਇਹ ਸੈਟੇਲਾਈਟ ਚੀਨੀ ਫੌਜਾਂ ਦੀ ਤਾਇਨਾਤੀ ਵਾਲੇ ਇਲਾਕੇ ਉੱਪਰੋਂ ਗੁਜ਼ਰੀ ਹੈ। ਸੂਤਰਾਂ ਨੇ ਦੱਸਿਆ ਕਿ ਚੀਨੀ ਫੌਜਾਂ ਦੇਪਸਾਂਗ ਸੈਕਟਰ ’ਚ ਵੀ ਇਕੱਠੀਆਂ ਹੋ ਚੁੱਕੀਆਂ ਹਨ ਕਿਉਂਕਿ ਪੀਐੱਲਏ ਦੇ ਜਵਾਨ ਐੱਲਏਸੀ ਨੇੜੇ ਮੋਰਚੇ ਪੁੱਟਦੇ ਦਿਖਾਈ ਦਿੱਤੇ ਹਨ। ਜ਼ਿਕਰਯੋਗ ਹੈ ਕਿ ਚੀਨੀ ਫੌਜਾਂ ਨੇ 2013 ’ਚ ਵੀ ਦੇਪਸਾਂਗ ਇਲਾਕੇ ’ਚ ਘੁਸਪੈਠ ਕੀਤੀ ਸੀ।
ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਭਾਰਤੀ ਰਾਡਾਰ ਸੈਟੇਲਾਈਟ ‘ਰੀਸੈਟ-2ਬੀਆਰ1’ ਅਫਰੀਕਾ ’ਚ ਚੀਨੀ ਜਲ ਸੈਨਾ ਦੇ ਦਜੀਬੌਤੀ ਸਥਿਤ ਬੇਸ ਉੱਪਰੋਂ ਵੀ ਲੰਘੀ ਸੀ। ਇਹ ਚੀਨ ਦਾ ਕਿਸੇ ਹੋਰ ਮੁਲਕ ’ਚ ਪਹਿਲਾ ਫੌਜੀ ਟਿਕਾਣਾ ਹੈ। ਪਿੱਛੇ ਜਿਹੇ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਦਜੀਬੌਤੀ ਤੱਟ ’ਤੇ ਚੀਨ ਦੇ ਤਿੰਨ ਜੰਗੀ ਬੇੜੇ ਸਰਗਰਮ ਹਨ। 11 ਜੁਲਾਈ ਨੂੰ ਐਮੀਸੈਟ ਦਾ ਈਐੱਲਆਈਐੱਨਟੀ ਪਾਕਿਸਤਾਨੀ ਜਲ ਸੈਨਾ ਦੇ ਓਰਮਾਰਾ ਬੇਸ ਨੇੜਿਓਂ ਵੀ ਲੰਘਿਆ ਸੀ। ਇਸ ਬੇਸ ’ਤੇ ਪਣਡੁੱਬੀਆਂ ਖੜ੍ਹਾਉਣ ਦੀ ਸਹੂਲਤ ਹੈ ਤੇ ਲੰਘੇ ਸਾਲਾਂ ਦੌਰਾਨ ਇੱਥੇ ਚੀਨੀ ਪਣਡੁੱਬੀਆਂ ਵੀ ਦੇਖੀਆਂ ਗਈਆਂ ਹਨ। ਦੱਸਣਾ ਬਣਦਾ ਹੈ ਕਿ ਇੱਕ ਪਾਸੇ ਭਾਰਤ ਤੇ ਚੀਨ ਵਿਚਾਲੇ ਲੱਦਾਖ ਮਸਲੇ ’ਤੇ ਵਾਰਤਾ ਚੱਲ ਰਹੀ ਤੇ ਦੂਜੇ ਪਾਸੇ ਅਜਿਹੀਆਂ ਰਿਪੋਰਟਾਂ ਹਨ ਕਿ ਚੀਨ ਤੇ ਪਾਕਿਸਤਾਨ ਆਉਂਦੇ ਸਿਆਲ ’ਚ ਭਾਰਤ ਨੂੰ ਪਾਣੀ ਦੇ ਰਸਤੇ ਦੋਵੇਂ ਪਾਸਿਓਂ ਘੇਰਨ ਦੀ ਤਿਅਾਰ ਕਰ ਰਹੇ ਹਨ। 

Radio Mirchi