ਤੁਰਕੀ ਚ ਕਿਸ਼ਤੀ ਡੁੱਬਣ ਕਾਰਨ 8 ਬੱਚਿਆਂ ਸਣੇ 11 ਪਰਵਾਸੀਆਂ ਦੀ ਮੌਤ
ਇਸਤਾਨਬੁਲ- ਤੁਰਕੀ ਦੇ ਤੱਟ ਦੇ ਨੇੜੇ ਏਜਿਆਨ ਸਾਗਰ ਵਿਚ ਸ਼ਨੀਵਾਰ ਨੂੰ ਇਕ ਕਿਸ਼ਤੀ ਡੁੱਬਣ ਕਾਰਨ 11 ਪਰਵਾਸੀਆਂ ਦੀ ਮੌਤ ਹੋ ਗਈ, ਜਿਹਨਾਂ ਵਿਚ 8 ਬੱਚੇ ਵੀ ਸ਼ਾਮਲ ਹਨ। ਨਿਊਜ਼ ਏਜੰਸੀ ਅਨਾਦੋਲੂ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਇਹ ਕਿਸ਼ਤੀ ਤੁਰਕੀ ਦੇ ਮਸ਼ਹੂਰ ਟੂਰਿਸਟ ਪਲੇਸ ਕੈਸਮੇ ਵਿਚ ਡੁੱਬੀ।
ਰਿਪੋਰਟ ਵਿਚ ਕਿਹਾ ਗਿਆ ਕਿ ਇਸ ਦੌਰਾਨ 8 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਇਹਨਾਂ ਲੋਕਾਂ ਦੀ ਨਾਗਰਿਕਤਾ ਬਾਰੇ ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਹੀ ਘੰਟੇ ਪਹਿਲਾਂ ਯੂਨਾਨ ਦੇ ਪਾਕਸੀ ਟਾਪੂ ਨੇੜੇ ਏਜਿਆਨ ਸਾਗਰ ਵਿਚ ਇਕ ਹੋਰ ਕਿਸ਼ਤੀ ਡੁੱਬੀ ਸੀ, ਜਿਸ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਤੁਰਕੀ ਨੇ ਘੱਟ ਤੋਂ ਘੱਟ 40 ਲੱਖ ਪਰਵਾਸੀਆਂ ਤੇ ਸ਼ਰਣਾਰਥੀਆਂ ਨੂੰ ਸ਼ਰਣ ਦਿੱਤੀ ਹੈ, ਜਿਹਨਾਂ ਵਿਚ ਜ਼ਿਆਦਾਤਰ ਲੋਕ ਸੀਰੀਆ ਤੋਂ ਹਨ ਤੇ ਇਹ ਦੇਸ਼ ਸੰਘਰਸ਼ ਤੇ ਹਿੰਸਾ ਤੋਂ ਜਾਨ ਬਚਾ ਕੇ ਯੂਰਪ ਭੱਜਣ ਵਾਲੇ ਲੋਕਾਂ ਦੇ ਲਈ ਮੁੱਖ ਦੇਸ਼ ਹੈ।