ਤੁਸੀਂ ਆਓ…! ਝੋਲੇ ਵੀ ਸਾਡੇ, ਖੰਡ ਵੀ ਸਾਡੀ

ਰਣਸੀਹ ਕਲਾਂ-ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਹ ਕਲਾਂ ਨੇ ਪੇਂਡੂ ਪੰਜਾਬ ਦੇ ਨਕਸ਼ੇ ’ਤੇ ਅੱਜ ਉਦੋਂ ਨਵਾਂ ਰੰਗ ਭਰਿਆ ਜਦੋਂ ਪ੍ਰੀਤਇੰਦਰਪਾਲ ਸਿੰਘ ਉਰਫ਼ ਮਿੰਟੂ ਸਰਪੰਚ ਨੇ ਸੰਕਲਪ ਲਿਆ ਕਿ ਪਿੰਡ ਵਿੱਚ ਪਲਾਸਟਿਕ ਦੇ ਕਚਰੇ ਵੱਟੇ ਮੁਫ਼ਤ ਖੰਡ ਮਿਲੇਗੀ। ਜਿੰਨਾ ਕਚਰਾ ਦਿਓਗੇ, ਓਨੀ ਖੰਡ ਮਿਲੇਗੀ। ਸਮੁੱਚੀ ਪੰਚਾਇਤ ਨੇ ਸਰਪੰਚ ਦੇ ਇਸ ਫੈਸਲੇ ਦੀ ਹਮਾਇਤ ਕੀਤੀ ਹੈ। ਪੰਚਾਇਤ ਨੇ ਪਿੰਡ ਨੂੰ ‘ਪਲਾਸਟਿਕ ਮੁਕਤ’ ਅਤੇ ‘ਰੂੜੀ ਮੁਕਤ’ ਬਣਾਉਣ ਦਾ ਨਵਾਂ ਮਾਡਲ ਪੇਸ਼ ਕੀਤਾ ਹੈ। ਰਣਸੀਹ ਕਲਾਂ ’ਚ ਅੱਜ ਗਰਾਮ ਸਭਾ ਦਾ ਇਜਲਾਸ ਜੁੜਿਆ। ਸਮੁੱਚੇ ਪਿੰਡ ਨੇ ਹਾਜ਼ਰੀ ਭਰੀ। ਮਿੰਟੂ ਸਰਪੰਚ ਨੇ ਲੋਕਾਂ ਦਾ ਮੁੱਲ ਮੋੜਿਆ ਜੋ ਪਿੰਡ ਦੇ ਮੋਹ ਦੀ ਤਾਂਘ ’ਚ ਵਿਦੇਸ਼ ਤੋਂ ਮੁੜਿਆ ਸੀ।
ਪੰਚਾਇਤ ਨੇ ਅੱਜ ਚਾਰ ਕੁਇੰਟਲ ਖੰਡ ਵੰਡੀ। ਵਾਰੋ ਵਾਰੀ ਲੋਕ ਪਲਾਸਟਿਕ ਦੀ ਰਹਿੰਦ-ਖੂੰਹਦ ਦਿੰਦੇ ਗਏ, ਬਦਲੇ ਵਿਚ ਮੁਫ਼ਤ ਖੰਡ ਲੈਂਦੇ ਗਏ। ਮਹਿਲਾ ਮੈਂਬਰ ਹਰਜੀਤ ਕੌਰ ‘ਖੰਡ ਬਰਾਂਚ’ ਦੀ ਇੰਚਾਰਜ ਹੈ। ਦੋ ਮਹੀਨੇ ਮਗਰੋਂ ਇੱਕ ਦਿਨ ਖੰਡ ਵੰਡੀ ਜਾਏਗੀ। ਗਰਾਮ ਸਭਾ ਦੇ ਇਜਲਾਸ ’ਚ ਚਾਰ ਪ੍ਰਮੁੱਖ ਫੈਸਲੇ ਹੋਏ। ਸਭ ਫੈਸਲੇ ਪੰਚਾਇਤ ਨੇ ਫੌਰੀ ਅਮਲ ਵਿਚ ਲਿਆਂਦੇ। ਪੰਚਾਇਤ ਨੇ ਦਾਨੀ ਸੱਜਣਾਂ ਦਾ ਚਾਰ ਮੈਂਬਰੀ ਪੈਨਲ ਬਣਾਇਆ ਜਿਨ੍ਹਾਂ ’ਚ ਰੁਪਿੰਦਰਦੀਪ ਸਿੰਘ, ਜਗਸੀਰ ਸਿੰਘ, ਜਥੇਦਾਰ ਹਰਨੇਕ ਸਿੰਘ ਤੇ ਇੱਕ ਗੁੰਮਨਾਮ ਸੱਜਣ ਸ਼ਾਮਲ ਹੈ। ਚਾਰੋਂ ਦਾਨੀ ਸੱਜਣ ਪੰਚਾਇਤ ਨੂੰ ਖੰਡ ਖ੍ਰੀਦਣ ਲਈ ਫੰਡ ਦੇਣਗੇ। ਪੰਚਾਇਤ ਇਕੱਠੇ ਹੋਏ ਪਲਾਸਟਿਕ ਕਚਰੇ ਨੂੰ ਲੁਧਿਆਣੇ ਦੀ ਫੈਕਟਰੀ ਵਿਚ ਵੇਚੇਗੀ। ਪ੍ਰਾਪਤ ਆਮਦਨ ਦੀ ਖੰਡ ਖ਼ਰੀਦੇਗੀ। ਮਿੰਟੂ ਸਰਪੰਚ ਦੱਸਦਾ ਹੈ ਕਿ ਪਿੰਡ ’ਚ 500 ਘਰ, 3200 ਦੀ ਅਬਾਦੀ ਹੈ, ਵੱਡੀ ਗਿਣਤੀ ਦਲਿਤ ਲੋਕਾਂ ਦੀ ਹੈ। ਪਿੰਡ ਦੀਆਂ ਰੂੜੀਆਂ ’ਤੇ ਜਦੋਂ ਕਚਰਾ ਪਿਆ ਦੇਖਿਆ ਤਾਂ ਉਦੋਂ ਹੀ ਪਿੰਡ ਨੂੰ ਰੂੜੀ ਮੁਕਤ ਤੇ ਪਲਾਸਟਿਕ ਮੁਕਤ ਬਣਾਉਣ ਦੀ ਧਾਰ ਲਈ ਸੀ।
ਪਿੰਡ ਦਾ 1200 ਏਕੜ ਦਾ ਰਕਬਾ ਹੈ ਤੇ ਬਹੁਤੇ ਕਿਸਾਨ ਝੋਨਾ ਲਾਉਂਦੇ ਹਨ। ਪੰਚਾਇਤ ਨੇ ਅੱਜ ਦੂਜਾ ਫੈਸਲਾ ਲਿਆ ਕਿ ਕੋਈ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਏਗਾ। ਸਰਪੰਚ ਨੇ ਬਦਲ ਵੀ ਦਿੱਤਾ। ਪੰਚਾਇਤ ਨੇ ਪੰਜ ਲੱਖ ਦੀ ਮਸ਼ੀਨਰੀ ਖਰੀਦ ਕੀਤੀ ਹੈ। ਸਭ ਕਿਸਾਨਾਂ ਨੂੰ ਮਸ਼ੀਨਰੀ ਮੁਫ਼ਤ ਮਿਲੇਗੀ। ਅਗਲੇ ਸਾਲ ਨਵਾਂ ਟਰੈਕਟਰ ਪੰਚਾਇਤ ਖ਼ਰੀਦੇਗੀ। ਓਨਾ ਸਮਾਂ ਸਰਪੰਚ ਆਪਣਾ ਨਿੱਜੀ ਟਰੈਕਟਰ ਕਿਸਾਨਾਂ ਨੂੰ ਵਰਤੋਂ ਲਈ ਮੁਫ਼ਤ ਦੇਵੇਗਾ। ਅਗਲੇ ਇਜਲਾਸ ’ਚ ਉੱਦਮੀ ਕਿਸਾਨ ਸਨਮਾਨੇ ਜਾਣੇ ਹਨ। ਪੰਚਾਇਤ ਦੇ ਤੀਜੇ ਫੈਸਲੇ ਤਹਿਤ ਪੰਚਾਇਤ ਨੇ ਖੁਦ ਮੁਫ਼ਤ ਝੋਲੇ ਵੀ ਵੰਡੇ। ਪਰਵਾਸੀ ਇੰਦਰਪਾਲ ਸਿੰਘ ਕੈਨੇਡਾ ਨੇ ਝੋਲਿਆਂ ਲਈ ਦਾਨ ਦਿੱਤਾ। ਪੌਲੀਥੀਨ ਦੇ ਬਦਲ ਵਜੋਂ ਝੋਲੇ ਵੰਡੇ ਗਏ। ਪੰਚਾਇਤ ਮੈਂਬਰ ਨਛੱਤਰ ਸਿੰਘ ਤੇ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪਾਣੀ ਦੀ ਬੱਚਤ ਦੇ ਮੱਦੇਨਜ਼ਰ ਵੀ ਫੈਸਲੇ ਲਏ ਗਏ। ਪੰਚਾਇਤ ਨੇ ਅੱਜ ਗਾਗਰਾਂ/ਬਾਲਟੀਆਂ ਵੀ ਵੰਡੀਆਂ। 50 ਘਰਾਂ ਨੂੰ ਗਾਗਰਾਂ ਦਿੱਤੀਆਂ ਜਿਨ੍ਹਾਂ ਦੇ ਘਰਾਂ ’ਚ ਆਰ.ਓ ਕਰਕੇ ਪਾਣੀ ਅਜਾਈਂ ਚਲਾ ਜਾਂਦਾ ਸੀ। ਏਸੀ ਦੇ ਪਾਣੀ ਦੀ ਸੰਭਾਲ ਲਈ ਬਾਲਟੀਆਂ ਦਿੱਤੀਆਂ ਗਈਆਂ। ਮਹਿਮਾਨਾਂ ਦਾ ਜੂਠਾ ਪਾਣੀ ਕੋਈ ਨਹੀਂ ਡੋਲੇਗਾ। ਬਾਲਟੀਆਂ ’ਚ ਸੰਭਾਲਿਆ ਜਾਵੇਗਾ। ਮੈਂਬਰ ਕਰਮਜੀਤ ਕੌਰ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਪਾਣੀ ਦੀ ਵਰਤੋਂ ਬਗੀਚੀ ’ਚ ਕੀਤੀ ਜਾ ਸਕੇਗੀ। ਪੰਚਾਇਤ ਮੈਂਬਰ ਰਾਜਦੀਪ ਕੌਰ ਨੇ ਦੱਸਿਆ ਕਿ ਇਜਲਾਸ ਦੇ ਭਰਵੇਂ ਇਕੱਠ ਨੇ ਪੰਚਾਇਤ ਨੂੰ ਹੌਸਲਾ ਦਿੱਤਾ ਹੈ। ਇਸੇ ਤਰ੍ਹਾਂ ਮੈਂਬਰ ਰੇਸ਼ਮ ਸਿੰਘ ਅਤੇ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਸਮੁੱਚੀ ਪੰਚਾਇਤ ਤੇ ਪਿੰਡ ਇੱਕੋ ਮੋਰੀ ਲੰਘਦੇ ਹਨ। ਸਰਪੰਚ ਨਾਲ ਪੰਜਾਹ ਕੁ ਮੁੰਡਿਆਂ ਦੀ ਟੀਮ ਹੈ। ਪਾਣੀ ਦੀ ਬੱਚਤ ਦਾ ਮਾਡਲ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ। ਲੋਕਾਂ ਦੀ ਮਦਦ ਨਾਲ ਪੰਚਾਇਤ ਨੇ ਵਰ੍ਹਾ 2015 ਵਿਚ ਸੀਵਰੇਜ ਪ੍ਰੋਜੈਕਟ ਸ਼ੁਰੂ ਕੀਤਾ। ਮੁੰਡਿਆਂ ਨੇ ਖੁਦ ਹੱਥੀਂ ਕੰਮ ਕੀਤਾ। ਸੀਚੇਵਾਲ ਮਾਡਲ ਨਾਲ ਸੀਵਰੇਜ ਦਾ ਪਾਣੀ ਸੋਧਿਆ ਜਾਂਦਾ ਹੈ ਜੋ 100 ਏਕੜ ਖੇਤਾਂ ਦੀ ਤ੍ਰੇਹ ਬੁਝਾਉਂਦਾ ਹੈ