ਤੁਹਾਡੀ ਕਿਸਮਤ ਖੋਲ੍ਹ ਸਕਦੇ ਹਨ ਚਾਰਜਿੰਗ ਸਟੇਸ਼ਨ, ਇਹ ਹੈ ਸਰਕਾਰ ਦਾ ਪਲਾਨ
ਨਵੀਂ ਦਿੱਲੀ— ਇਲੈਕਟ੍ਰਿਕ ਵਾਹਨਾਂ ਲਈ ਹਰ 25 ਕਿਲੋਮੀਟਰ 'ਤੇ ਚਾਰਜਿੰਗ ਸਟੇਸ਼ਨ ਖੁੱਲ੍ਹੇਗਾ। ਇਹ ਕੋਈ ਵੀ ਲਗਾ ਸਕੇਗਾ ਤੇ ਇਸ ਲਈ ਲਾਇੰਸੈਂਸ ਨਹੀਂ ਲੈਣਾ ਪਵੇਗਾ, ਯਾਨੀ ਇਸ ਨਾਲ ਕਈ ਲੋਕਾਂ ਦੀ ਰੋਜ਼ੀ-ਰੋਟੀ ਖੁੱਲ੍ਹਣ ਜਾ ਰਹੀ ਹੈ ਤੇ ਕਈਆਂ ਨੂੰ ਰੋਜ਼ਗਾਰ ਮਿਲਣ ਜਾ ਰਿਹਾ ਹੈ। ਸੈਂਟਰਲ ਇਲੈਕਟ੍ਰੀਸਿਟੀ ਤੇ ਰੀਨਿਊਲ ਊਰਜਾ ਮੰਤਰਾਲਾ ਨੇ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਦੇ ਦਿਸ਼ਾ-ਨਿਰਦੇਸ਼ਾਂ 'ਚ ਸੋਧਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜੋ 14 ਦਸੰਬਰ 2018 ਨੂੰ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਦੀ ਜਗ੍ਹਾ ਲੈਣਗੇ।ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਸ਼ਹਿਰਾਂ 'ਚ 3 ਕਿਲੋਮੀਟਰ ਦੇ ਘੇਰੇ 'ਚ ਘੱਟੋ-ਘੱਟ ਇਕ ਚਾਰਜਿੰਗ ਸਟੇਸ਼ਨ ਲੱਗੇਗਾ।
ਉੱਥੇ ਹੀ, ਸਾਰੇ ਤਰ੍ਹਾਂ ਦੇ ਹਾਈਵੇਜ਼ ਦੇ ਦੋਵੇਂ ਪਾਸੇ ਹਰ 25 ਕਿਲੋਮੀਟਰ 'ਤੇ ਇਕ ਚਾਰਜਿੰਗ ਸਟੇਸ਼ਨ ਉਪਲੱਬਧ ਹੋਵੇਗਾ। ਚਾਰਜਿੰਗ ਸਟੇਸ਼ਨਾਂ ਦਾ ਇੰਫਰਾਸਟ੍ਰਕਚਰ ਦੋ ਪੜਾਵਾਂ 'ਚ ਪੂਰਾ ਕੀਤਾ ਜਾਵੇਗਾ। ਪਹਿਲਾਂ 1 ਤੋਂ 3 ਸਾਲ ਅੰਦਰ 40 ਲੱਖ (ਜਨਗਣਨਾ 2011 ਮੁਤਾਬਕ) ਤੋਂ ਵੱਧ ਦੀ ਅਬਾਦੀ ਵਾਲੇ ਸ਼ਹਿਰਾਂ ਤੇ ਇਨ੍ਹਾਂ ਨਾਲ ਜੁੜੇ ਸਾਰੇ ਐਕਸਪ੍ਰੈੱਸ ਵੇਅ 'ਤੇ ਚਾਰਜਿੰਗ ਸਟੇਸ਼ਨ ਲਗਾਏ ਜਾਣਗੇ।
ਉਸ ਮਗਰੋਂ 3 ਤੋਂ 5 ਸਾਲਾਂ ਦੌਰਾਨ ਰਾਜਾਂ ਦੀਆਂ ਰਾਜਧਾਨੀਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਦਫਤਰਾਂ 'ਚ ਚਾਰਜਿੰਗ ਇੰਫਰਾਸਟ੍ਰਕਚਰ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਸਫਰ ਕਰਨ ਵਾਲੇ ਭਾਰੀ ਵਾਹਨਾਂ ਜਿਵੇਂ ਬੱਸਾਂ, ਟਰੱਕਾਂ ਲਈ ਹਰ 100 ਕਿਲੋਮੀਟਰ 'ਤੇ ਫਾਸਟ ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਕੋਈ ਵੀ ਵਿਅਕਤੀ ਜਾਂ ਸੰਸਥਾਨ ਪਬਲਿਕ ਚਾਰਜਿੰਗ ਸਟੇਸ਼ਨ ਲਗਾ ਸਕਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦਾ ਲਾਇੰਸੈਂਸ ਨਹੀਂ ਲੈਣਾ ਹੋਵੇਗਾ। ਇਸ ਸੰਬੰਧ 'ਚ ਬਿਜਲੀ ਮੰਤਰਾਲਾ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਚੁੱਕਾ ਹੈ।