ਤੂ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ; ਇਨਸਾਨ ਕੀ ਔਲਾਦ ਹੈ ਇਨਸਾਨ ਬਨੇਗਾ

ਤੂ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ; ਇਨਸਾਨ ਕੀ ਔਲਾਦ ਹੈ ਇਨਸਾਨ ਬਨੇਗਾ

ਜਜ਼ਬਾਤ ਠਾਠਾਂ ਮਾਰਨ ਤਾਂ ਫਿਰਕੂ ਸੋਚ ਵਾਲੇ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਮਨੁੱਖ ਵਿੱਚ ਇਨਸਾਨੀਅਤ ਦਾ ਹੋਣਾ ਲਾਜ਼ਮੀ ਹੈ। ਫਿਰ ਕਿਸੇ ਵੀ ਸਿਆਸੀ ਧਿਰ ਦਾ ਵੋਟ ਬਟੋਰੂ ਪੱਤਾ ਨਫ਼ਰਤ ਦੀ ਨੀਤੀ ਵਿੱਚ ਚਾਹੁੰਦਾ ਹੋਇਆ ਵੀ ਨਹੀਂ ਲਿਆ ਸਕਦਾ। ਇਹ ਅਲਫ਼ਾਜ਼ ਜ਼ਿਲ੍ਹਾ ਮਾਨਸਾ ਦੇ ਜੰਮਪਲ ਹੰਸਰਾਜ ਮੋਫਰ ਦੇ ਹਨ। ਉਨ੍ਹਾਂ ਨੂੰ ਨਾਮ ਜਾਂ ਪਹਿਰਾਵੇ ਤੋਂ ਕਿਸੇ ਵੀ ਜਾਤ ਜਾਂ ਧਰਮ ਨਾਲ ਪਹਿਚਾਣ ਕੇ ਨਹੀਂ ਵੇਖਿਆ ਜਾ ਸਕਦਾ। ਮਿਲਾਪੜੇ ਸੁਭਾਅ ਵਾਲੇ ਹੰਸ ਰਾਜ ਦਾ ਨਾਮ ਹਿੰਦੂ ਹੋਣ ਦਾ ਭੁਲੇਖਾ ਪਾਉਂਦਾ ਹੈ ਪਰ ਪਹਿਰਾਵਾ ਸਿੱਖਾਂ ਨਾਲ ਮਿਲਦਾ ਹੈ, ਜਦੋਂ ਕਿ ਉਹ ਮੁਸਲਮਾਨ ਹਨ।
ਇਸ ਵੇਲੇ ਜਦੋ ਦੇਸ਼ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਹਰ ਧਰਮ ਦੇ ਲੋਕ ਸੰਘਰਸ਼ ਕਰ ਰਹੇ ਹਨ। ਉੱਥੇ ਹੀ ਪੰਜਾਬ ਵਿੱਚ ਸ਼ਾਹੀਨ ਬਾਗ਼ ਦਿੱਲੀ ਦੀ ਤਰਜ਼ ’ਤੇ ਮਾਨਸਾ ਵਿੱਚ ਵੀ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ। ਹੰਸ ਰਾਜ ਮੋਫ਼ਰ ਦਾ ਜਨਮ 1958 ਜ਼ਿਲ੍ਹੇ ਦੇ ਪਿੰਡ ਮੋਫਰ ਵਿੱਚ ਪਿਤਾ ਜਨਾਬ ਦੋਸਤ ਅਲੀ ਤੇ ਮਾਤਾ ਪੰਜਾਬ ਕੌਰ ਦੇ ਘਰ ਹੋਇਆ। ਆਪਣੇ ਕਾਲਜ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਪਾਂਧੀ ਗਰੁੱਪ ਨਾਲ ਵਿਦਿਆਰਥੀ ਸੰਘਰਸ਼ ਲਈ ਕੰਮ ਕਰਦੇ ਰਹੇ ਤੇ ਉਨ੍ਹਾਂ ਨੂੰ ਕਦੇ ਵੀ ਕਾਲਜ ਸਮੇਂ ਧਰਮ ਦੇ ਵਿਤਕਰੇ ਦਾ ਸ਼ਿਕਾਰ ਨਹੀਂ ਹੋਣਾ ਪਿਆ। ਬੀਏ ਤੇ ਪੀਜੀਡੀਸੀਏ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਕੁੱਝ ਸਮਾਂ ਬੱਚਿਆਂ ਨੂੰ ਪੜ੍ਹਾਇਆ ਅਤੇ ਬਾਅਦ ਵਿੱਚ ਬਤੌਰ ਮੈਨੇਜਰ ਫੂਡ ਕਾਰਪੋਰੇਸ਼ਨ ਇੰਡੀਆ ਵਿੱਚ ਆਪਣੇ ਸੇਵਾ ਨਿਭਾਈ।
ਮਾਨਸਾ ਵਿੱਚ ਨਾਗਰਿਕਤਾ ਕਾਨੂੰਨ ਖ਼ਿਲਾਫ਼ ਨਾਅਰੋੇਬਾਜ਼ੀ ਕਰਦਾ ਹੋਇਆ ਹੰਸਰਾਜ ਮੋਫਰ।
ਹੰਸ ਰਾਜ ਮੋਫ਼ਰ ਦਾ ਕਹਿਣਾ ਹੈ ਕਿ 1947 ਦੀ ਵੰਡ ਸਮੇਂ ਬੇਕਸੂਰ 10 ਲੱਖ ਲੋਕਾਂ ਦਾ ਖੂਨ ਖ਼ਰਾਬਾ ਹੋਇਆ, ਜੋ ਰਾਜਨੀਤਿਕ ਲੋਕਾਂ ਦੀ ਚੌਧਰ ਚਮਕਾਉਣ ਲਈ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਰਿਆਨੀ ਖਾਣ ਨੂੰ ਧਾਰਮਿਕ ਰੰਗਤ ਦੇਣ ਲੱਗੇ ਹਨ, ਜਿਸ ਕਰਕੇ ਜ਼ਿਲ੍ਹੇ ਅੰਦਰ ਚੱਲ ਰਹੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਅੱਜ ਧਰਨੇ ਵਿੱਚ ਬਰਿਆਨੀ ਦਾ ਲੰਗਰ ਲਗਾਇਆ ਗਿਆ। ਸਿਰ ਉੱਤੇ ਪੱਗ ਤੇ ਕੁੜਤਾ ਪਜ਼ਾਮਾ ਪਹਿਨਣ ਵਾਲੇ ਹੰਸ ਰਾਜ ਮੋਫ਼ਰ ਦਾ ਕਹਿਣਾ ਹੈ ਕਿ 1947 ਦੀ ਵੰਡ ਸਮੇਂ ਹੋਏ ਖੂਨ-ਖ਼ਰਾਬੇ ਦੇ ਡਰ ਕਾਰਨ ਸਿੱਖਾਂ ਦਾ ਪਹਿਰਾਵਾ ਧਾਰਨ ਕਰ ਲਿਆ ਸੀ ਤੇ ਹੁਣ ਇਸ ਪਹਿਰਾਵੇ ਨਾਲ ਪਿਆਰ ਹੋ ਗਿਆ ਹੈ। ਪੱਗ ਬੰਨ੍ਹਣੀ ਵਧੀਆ ਤੇ ਸ਼ਾਨ ਲੱਗਦੀ ਹੈ, ਜਿਸ ਕਰਕੇ ਹੁਣ ਉਹ ਆਪਣੇ-ਆਪ ਨੂੰ ਸਰਦਾਰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਪਰ ਹੁਣ ਆਰਐੱਸਐੱਸ ਦੀ ਨੀਤੀ ਤਹਿਤ ਕੇਂਦਰੀ ਸਰਕਾਰ ਕੰਮ ਕਰ ਰਹੀ ਹੈ।ਹੰਸ ਰਾਜ ਮੋਫਰ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚ ਧਰਮਾ ਦਾ ਸੁਮੇਲ ਹੈ। ਕੇਂਦਰ ਉਨ੍ਹਾਂ ਵਿੱਚੋਂ ਕਿਸ ਧਰਮ ਨੂੰ ਮਾਰੇਗੀ ਤੇ ਉਹ ਹੁਣ ਉਹ ਮੁਸਲਿਮ ਫ਼ਰੰਟ ਪੰਜਾਬ ਦੇ ਪ੍ਰਧਾਨ ਹਨ।

Radio Mirchi