ਦਰਬਾਰ ਸਾਹਿਬ ’ਚ ਸੰਗਤ ਦੀ ਆਮਦ ਵਧੀ

ਕਰੋਨਾ ਸੰਕਟ ਦੌਰਾਨ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਦੀ ਦਿੱਤੀ ਖੁੱਲ੍ਹ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਆਮਦ ਵਿਚ ਵਾਧਾ ਹੋਇਆ ਹੈ। ਇਸ ਦੌਰਾਨ ਲੰਗਰ ਅਤੇ ਪ੍ਰਸ਼ਾਦ ਵਰਤਾਉਣ ਸਬੰਧੀ ਸਰਕਾਰ ਵੱਲੋਂ ਲਏ ਗਏ ਹਾਂ-ਪੱਖੀ ਫ਼ੈਸਲੇ ਨਾਲ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੇ ਰਾਹਤ ਮਹਿਸੂਸ ਕੀਤੀ ਹੈ।
ਤਾਲਾਬੰਦੀ ਖੁੱਲ੍ਹਣ ਦੇ ਪਹਿਲੇ ਪੜਾਅ ਹੇਠ 8 ਜੂਨ ਤੋਂ ਸੰਗਤ ਨੂੰ ਧਾਰਮਿਕ ਸਥਾਨਾਂ ਵਿਚ ਨਤਮਸਤਕ ਹੋਣ ਦੀ ਦਿੱਤੀ ਆਗਿਆ ਮਗਰੋਂ ਦਿਨੋ-ਦਿਨ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਰਧਾਲੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ ਇਥੇ ਪਿਛਲੇ ਕੁਝ ਦਿਨਾਂ ਨਾਲੋਂ ਵਧੇਰੇ ਸੰਗਤ ਪਹੁੰਚੀ। ਸਿਹਤ ਵਿਭਾਗ ਵੱਲੋਂ ਸੰਗਤ ਨੂੰ ਸਕਰੀਨਿੰਗ ਮਗਰੋਂ ਹੀ ਅੰਦਰ ਜਾਣ ਦਿੱਤਾ ਜਾਂਦਾ ਹੈ।
ਵੇਰਵਿਆਂ ਮੁਤਾਬਕ ਸੰਗਤ ਦੀ ਆਮਦ ’ਚ ਵਾਧਾ ਹੋਣ ਨਾਲ ਕੜਾਹ ਪ੍ਰਸ਼ਾਦ ਦੀ ਵਟਕ ’ਚ ਵੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਲੰਗਰ ਘਰ ’ਚ ਲੰਗਰ ਦੀ ਸੇਵਾ ਵੀ ਨਿਰੰਤਰ ਜਾਰੀ ਹੈ। ਸਰਕਾਰ ਵੱਲੋਂ ਬੀਤੇ ਦਿਨ ਲੰਗਰ ਤੇ ਪ੍ਰਸ਼ਾਦ ਸਬੰਧੀ ਲਏ ਗਏ ਫ਼ੈਸਲੇ ਦੀ ਪ੍ਰਬੰਧਕਾਂ ਨੇ ਸ਼ਲਾਘਾ ਕੀਤੀ ਹੈ।
ਲੰਗਰ ਤੇ ਪ੍ਰਸ਼ਾਦ ਗੁਰਧਾਮਾਂ ਦੀ ਮਰਿਆਦਾ ਦਾ ਹਿੱਸਾ: ਮੁੱਖ ਸਕੱਤਰ
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਗੁਰਧਾਮਾਂ ਵਿਚ ਲੰਗਰ ਅਤੇ ਕੜਾਹ ਪ੍ਰਸ਼ਾਦ ਮਰਿਆਦਾ ਦਾ ਇਕ ਹਿੱਸਾ ਹਨ। ਇਸ ਤੋਂ ਬਿਨਾਂ ਮਰਿਆਦਾ ਅਧੂਰੀ ਹੈ। ਉਨ੍ਹਾਂ ਆਖਿਆ ਕਿ ਲੰਗਰ ਅਤੇ ਕੜਾਹ ਪ੍ਰਸ਼ਾਦ ਤਿਆਰ ਕਰਨ ਅਤੇ ਵਰਤਾਉਣ ਤਕ ਸਾਰੇ ਲੋੜੀਂਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਸੰਗਤ ਦੀ ਆਮਦ ਵਿਚ ਹੋਰ ਵਾਧਾ ਹੋਣ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਵਲੋਂ ਇਸ ਸਬੰਧੀ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਦੂਰੀ ਦੇ ਨਿਯਮ ਨੂੰ ਹਰ ਹਾਲ ਵਿਚ ਕਾਇਮ ਰੱਖਿਆ ਜਾਵੇਗਾ।