ਦਿ ਕਪਿਲ ਸ਼ਰਮਾ ਸ਼ੋਅ ਚ ਲੱਗਣਗੀਆਂ ਰੌਣਕਾਂ, ਪਹੁੰਚਣਗੀਆਂ ਭਾਰਤ ਦੀਆਂ ਇਹ 2 ਟੀਮਾਂ
ਮੁੰਬਈ : 'ਦਿ ਕਪਿਲ ਸ਼ਰਮਾ ਸ਼ੋਅ' ਸੀਜ਼ਨ 3 ਦਾ ਦੂਜਾ ਹਫ਼ਤਾ ਵੀ ਸ਼ਾਨਦਾਰ ਹੋਣ ਵਾਲਾ ਹੈ। ਇਸ ਹਫ਼ਤੇ ਜਿੱਥੇ ਧਰਮਿੰਦਰ ਤੇ ਸ਼ਤਰੂਘਨ ਸਿਨ੍ਹਾ ਦੀ ਜੋੜੀ ਸ਼ਨੀਵਾਰ ਨੂੰ ਸ਼ੋਅ 'ਚ ਨਜ਼ਰ ਆਵੇਗੀ, ਉੱਥੇ ਐਤਵਾਰ ਨੂੰ ਭਾਰਤੀ ਹਾਕੀ ਟੀਮ ਟੋਕੀਓ ਓਲੰਪਿਕਸ 'ਚ ਝੰਡੀ ਦਿਖਾਉਂਦੀ ਨਜ਼ਰ ਆਵੇਗੀ।
ਦੱਸ ਦਈਏ ਕਿ ਭਾਰਤ ਦੀ ਪੁਰਸ਼ ਹਾਕੀ ਟੀਮ ਅਤੇ ਮਹਿਲਾ ਹਾਕੀ ਟੀਮ ਦੋਵੇਂ ਇਸ ਹਫ਼ਤੇ ਦੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਐਪੀਸੋਡ 'ਚ ਨਜ਼ਰ ਆਉਣਗੀਆਂ, ਜਿਸ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ। ਕਪਿਲ ਸ਼ਰਮਾ ਤੇ ਕ੍ਰਿਸ਼ਨਾ ਅਭਿਸ਼ੇਕ ਦੋਵਾਂ ਨੇ ਆਪਣੇ ਖ਼ੁਦ ਦੇ ਇੰਸਟਾਗ੍ਰਾਮ ਤੋਂ ਇਸ ਬਾਰੇ ਪੋਸਟ ਕੀਤਾ ਅਤੇ ਇਸ ਖੁਸ਼ਖਬਰੀ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।
ਕ੍ਰਿਸ਼ਨਾ ਅਭਿਸ਼ੇਕ ਨੇ ਪੋਸਟ ਸ਼ੇਅਰ ਕਰ ਜ਼ਾਹਰ ਕੀਤੀ ਖੁਸ਼ੀ
ਕ੍ਰਿਸ਼ਨਾ ਅਭਿਸ਼ੇਕ ਨੇ ਹਾਲ ਹੀ 'ਚ ਭਾਰਤੀ ਹਾਕੀ ਖਿਡਾਰੀਆਂ ਨਾਲ ਸ਼ੂਟਿੰਗ ਪੂਰੀ ਕੀਤੀ ਹੈ, ਜਿਸ ਤੋਂ ਬਾਅਦ ਉਸ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ। ਉਸ ਨੇ ਲਿਖਿਆ ਕਿ ਹਰ ਕਲਾਕਾਰ ਸਟੇਜ 'ਤੇ ਪ੍ਰਦਰਸ਼ਨ ਕਰਕੇ ਖੁਸ਼ ਹੁੰਦਾ ਹੈ ਪਰ ਅੱਜ ਦਾ ਦਿਨ ਖ਼ਾਸ ਦਿਨ ਹੈ ਕਿਉਂਕਿ ਅੱਜ ਉਸ ਨੇ ਅਸਲੀ ਹੀਰੋ ਦੇ ਸਾਹਮਣੇ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਕ੍ਰਿਸ਼ਨਾ ਨੇ ਇਹ ਵੀ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਕਿ ਅਸੀਂ ਉਨ੍ਹਾਂ ਨੂੰ ਹੱਸਾਇਆ।
ਦੱਸਣਯੋਗ ਹੈ ਕਿ ਇਹ ਐਪੀਸੋਡ ਐਤਵਾਰ ਨੂੰ ਟੈਲੀਕਾਸਟ ਕੀਤਾ ਜਾਏਗਾ ਜਿੱਥੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਮੰਚ 'ਤੇ ਬਹੁਤ ਮਸਤੀ ਅਤੇ ਰੌਣਕ ਹੋਵੇਗੀ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਇਸ ਖ਼ਾਸ ਐਪੀਸੋਡ ਬਾਰੇ ਵੀ ਪੋਸਟ ਕੀਤਾ। ਉਸ ਨੇ ਮਹਿਲਾ ਹਾਕੀ ਖਿਡਾਰੀਆਂ ਅਤੇ ਪੁਰਸ਼ ਹਾਕੀ ਖਿਡਾਰੀਆਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ, ਜਿਸ 'ਚ ਕ੍ਰਿਸ਼ਨਾ ਅਭਿਸ਼ੇਕ, ਅਰਚਨਾ ਪੂਰਨ ਸਿੰਘ, ਭਾਰਤੀ ਸਿੰਘ ਅਤੇ ਸੁਦੇਸ਼ ਲਹਿਰੀ ਵੀ ਨਜ਼ਰ ਆ ਰਹੇ ਹਨ।
ਪਹਿਲੇ ਦੋ ਐਪੀਸੋਡ ਵੀ ਰਹੇ ਸ਼ਾਨਦਾਰ
'ਦਿ ਕਪਿਲ ਸ਼ਰਮਾ ਸ਼ੋਅ 3' ਪਿਛਲੇ ਹਫ਼ਤੇ ਹੀ ਸ਼ੁਰੂ ਹੋਇਆ। ਪਹਿਲੇ ਹਫ਼ਤੇ ਅਜੇ ਦੇਵਗਨ 'ਭੁਜ' ਦੀ ਟੀਮ ਅਤੇ ਅਕਸ਼ੇ ਕੁਮਾਰ 'ਬੈੱਲ ਬੌਟਮ' ਦੀ ਟੀਮ ਦੇ ਨਾਲ ਸ਼ੋਅ 'ਚ ਪਹੁੰਚੇ, ਜਿੱਥੇ ਸੈੱਟ 'ਤੇ ਖੂਬ ਮਸਤੀ ਹੋਈ।