ਦਿਹਾੜੀਦਾਰਾਂ ਤੇ ਪੇਂਡੂ ਆਰਥਿਕਤਾ ਨਾਲ ਸਬੰਧਤ ਖੇਤਰਾਂ ’ਚ ਮਿਲੇਗੀ ਰਾਹਤ
ਕੇਂਦਰ ਸਰਕਾਰ ਨੇ ਅੱਜ ਦੱਸਿਆ ਕਿ ਦੇਸ਼ ਦੇ ਕਰੋਨਾ ਮੁਕਤ ਇਲਾਕਿਆਂ ’ਚ 20 ਅਪਰੈਲ ਤੋਂ ਲੌਕਡਾਊਨ ਤੋਂ ਅੰਸ਼ਿਕ ਛੋਟ ਦਿੱਤੀ ਜਾਵੇਗੀ ਜਦਕਿ ਵੱਖ ਵੱਖ ਜ਼ਿਲ੍ਹਿਆਂ ਦੇ ਜਿਹੜੇ ਇਲਾਕੇ ‘ਹੌਟਸਪੌਟ’ ਐਲਾਨੇ ਗਏ ਹਨ, ਉੱਥੇ ਪਾਬੰਦੀਆਂ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹਿਣਗੀਆਂ।
ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਅਪਰੈਲ ਤੋਂ ਕੁਝ ਇਲਾਕਿਆਂ ’ਚ ਲੌਕਡਾਊਨ ਤੋਂ ਅੰਸ਼ਿਕ ਰਾਹਤ ਦੇਣ ਦਾ ਐਲਾਨ ਕੀਤਾ ਸੀ ਤੇ ਇਸੇ ਤਹਿਤ ਗ਼ੈਰ-ਕੰਟੇਨਮੈਂਟ ਖੇਤਰਾਂ ’ਚ ਅੱਧੀ ਰਾਤ ਤੋਂ ਬਾਅਦ ਕੁਝ ਰਾਹਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਅਤੇ ਪੇਂਡੂ ਆਰਥਿਕਤਾ ਨਾਲ ਸਬੰਧਤ ਕੁਝ ਖੇਤਰਾਂ ’ਚ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਜਾਵੇਗੀ।
ਦੇਸ਼ ਦੇ ਕਰੋਨਾ ਦੇ ਪ੍ਰਭਾਵ ਤੋਂ ਬਚੇ ਹੋਏ ਇਲਾਕਿਆਂ ’ਚ 20 ਅਪਰੈਲ ਤੋਂ ਲੌਕਡਾਊਨ ਦੇ ਨਿਯਮਾਂ ’ਚ ਅੰਸ਼ਿਕ ਛੋਟ ਦਿੱਤੇ ਜਾਣ ਦੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਕਰੋਨਾ ਪੀੜਤਾਂ ਦੀ ਬਹੁਤਾਤ ਵਾਲੇ ‘ਹੌਟਸਪੌਟ’ ਇਲਾਕਿਆਂ ਦੇ ਕੰਟੇਨਮੈਂਟ ਜ਼ੋਨ ਇਸ ਛੋਟ ਦੇ ਘੇਰੇ ’ਚ ਨਹੀਂ ਆਉਣਗੇ ਅਤੇ ਇਨ੍ਹਾਂ ਇਲਾਕਿਆਂ ’ਚ ਲੌਕਡਾਊਨ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੰਸ਼ਿਕ ਛੋਟ ਵਾਲੇ ਇਲਾਕਿਆਂ ਸਮੇਤ ਸਾਰੇ ਦੇਸ਼ ਅੰਦਰ ਸਿਨੇਮਾ ਘਰ, ਕਾਰੋਬਾਰੀ ਅਦਾਰੇ, ਧਾਰਮਿਕ ਥਾਵਾਂ ਅਤੇ ਸਿੱਖਿਆ ਸੰਸਥਾਵਾਂ ਸਮੇਤ ਹੋਰ ਗ਼ੈਰ-ਜ਼ਰੂਰੀ ਸੇਵਾਵਾਂ ਤਿੰਨ ਮਈ ਤੱਕ ਬੰਦ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪੋ ਆਪਣੇ ਇਲਾਕਿਆਂ ਦੀ ਸਥਿਤੀ ਦੇ ਹਿਸਾਬ ਨਾਲ ਲੋੜ ਪੈਣ ’ਤੇ ਕੇਂਦਰ ਨਾਲੋਂ ਵੱਧ ਸਖ਼ਤ ਹਦਾਇਤਾਂ ਵੀ ਜਾਰੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੌਟਸਪੌਟ ਜਾਂ ਰੈੱਡ ਜ਼ੋਨ ਉਹ ਇਲਾਕੇ ਹਨ ਜਿੱਥੇ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਨ੍ਹਾਂ ਇਲਾਕਿਆਂ ’ਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਕੋਈ ਹੋਰ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗ਼ੈਰ-ਕੰਟੇਨਮੈਂਟ ਜ਼ੋਨਾਂ ’ਚ ਖੇਤੀਬਾੜੀ ਗਤੀਵਿਧੀਆਂ, ਦਿਹਾੜੀਦਾਰਾਂ ਤੇ ਕੰਮ-ਕਾਰ ਕਰਨ ਵਾਲਿਆਂ ਨੂੰ ਛੋਟ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਲੌਕਡਾਊਨ ਦਾ ਦੂਜਾ ਗੇੜ ਤਿੰਨ ਮਈ ਤੱਕ ਲਾਗੂ ਕੀਤਾ ਗਿਆ ਹੈ। ਇਸ ਦੌਰਾਨ ਗ੍ਰਹਿ ਮੰਤਰਾਲੇ ਦੀ ਜੁਆਇੰਟ ਸਕੱਤਰ ਪੁਨਯ ਸਲਿਲਾ ਸ੍ਰੀਵਾਸਤਵ ਨੇ ਦੱਸਿਆ ਕਿ 20 ਅਪਰੈਲ ਤੋਂ ਕਰੋਨਾ ਮੁਕਤ ਇਲਾਕਿਆਂ ’ਚ ਲੌਕਡਾਊਨ ਤੋਂ ਅੰਸ਼ਿਕ ਛੋਟ ਦੇਣ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਅੱਜ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਅੰਸ਼ਿਕ ਛੋਟ ਵਾਲੇ ਇਲਾਕਿਆਂ ’ਚ ਸਖ਼ਤੀ ਨਾਲ ਨਿਗਰਾਨੀ ਕਰਨ ਨੂੰ ਕਿਹਾ ਹੈ। ਸੂਬਾ ਸਰਕਾਰਾਂ ਨੂੰ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ’ਚ ਗਸ਼ਤ ਦੇ ਪੁਖਤਾ ਇੰਤਜ਼ਾਮ ਕਰਦਿਆਂ ਇਨ੍ਹਾਂ ਖੇਤਾਂ ’ਚ ਲੌਕਡਾਊਨ ਤੇ ਸਮਾਜਿਕ ਮੇਲਜੋਲ ਸਮੇਂ ਨਿਰਧਾਰਤ ਦੂਰੀ ਬਣਾਉਣ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।