ਦਿੱਲੀ ਤੋਂ ਆਰੰਭ ਨਗਰ ਕੀਰਤਨ ਨਨਕਾਣਾ ਸਾਹਿਬ ਪੁੱਜਿਆ
ਅਟਾਰੀ/ਅੰਮ੍ਰਿਤਸਰ-ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਚਲਿਆ ਨਗਰ ਕੀਰਤਨ ਅੱਜ ਸ਼ਾਮ ਅਟਾਰੀ-ਵਾਹਗਾ ਸਰਹੱਦ ਰਸਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਲਈ ਰਵਾਨਾ ਹੋ ਗਿਆ। ਨਗਰ ਕੀਰਤਨ ਅੱਜ ਸ਼ਾਮ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਪੁੱਜ ਗਿਆ ਹੈ। ਵਾਹਗਾ ਸਰਹੱਦ ’ਤੇ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ. ਆਮਿਦ ਅਹਿਮਦ, ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਤੇ ਹੋਰਨਾਂ ਨੇ ਸ਼ਰਧਾਲੂਆਂ ਨੂੰ ਫੁੱਲਾਂ ਦੇ ਹਾਰ ਗਲੇ ਵਿਚ ਪਾ ਕੇ ਜੀ ਆਇਆਂ ਆਖਿਆ। ਉਪਰੰਤ ਇਹ ਸ਼ਰਧਾਲੂ ਵਿਸ਼ੇਸ਼ ਬੱਸਾਂ ਵਿਚ ਸਵਾਰ ਹੋ ਕੇ ਗੁਰਦੁਆਰਾ ਨਨਕਾਣਾ ਸਾਹਿਬ ਪੁੱਜੇ, ਜਿੱਥੇ ਸਥਾਨਕ ਸਿੱਖ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।
ਅਟਾਰੀ ਸਰਹੱਦ ’ਤੇ ਫੁੱਲਾਂ ਨਾਲ ਸਜਿਆ ਕਾਲੀਨ ਅਤੇ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਨੇ ਇਨ੍ਹਾਂ ਪਲਾਂ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰਸੇਮ ਸਿੰਘ ਡੀਸੀ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ, ਐੱਸਡੀਐੱਮ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਮੁਟਿਆਰਾਂ ਵੱਲੋਂ ਵੀ ਨਗਰ ਕੀਰਤਨ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਤੋਂ ਪਹਿਲਾਂ ਦਿੱਲੀ ਤੋਂ ਆਰੰਭ ਹੋਇਆ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਵਿਖੇ ਰਾਤ ਦੇ ਵਿਸ਼ਰਾਮ ਮਗਰੋਂ ਅੱਜ ਅੱਗੇ ਦੇ ਸਫ਼ਰ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਰਵਾਨਗੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਹੋਈ। ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕਰਨ ਦੀ ਸੇਵਾ ਨਿਭਾਈ। ਆਰੰਭਤਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਬਲਵਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ।
ਅਟਾਰੀ ਸਰਹੱਦ ’ਤੇ ਇਮੀਗ੍ਰੇਸ਼ਨ ਕਲੀਅਰ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਹੇਠ ਲਗਭਗ 1300 ਸ਼ਰਧਾਲੂ ਨਗਰ ਕੀਰਤਨ ਨਾਲ ਪਾਕਿਸਤਾਨ ਰਵਾਨਾ ਹੋਏ। ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਬੱਸ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਸਿੱਖ ਸ਼ਰਧਾਲੂਆਂ ਨੇ ਪੈਦਲ ਚੱਲ ਕੇ ਜ਼ੀਰੋ ਲਾਈਨ ਨੂੰ ਪਾਰ ਕੀਤਾ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਨਗਰ ਕੀਰਤਨ ਨਾਲ ਨਾ ਜਾਣ ਦੇ ਫ਼ੈਸਲੇ ਤੋਂ ਖਫਾ ਹਰਵਿੰਦਰ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਿਆਸੀ ਸਾਜ਼ਿਸ਼ ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਕੇਸ ਕਾਰਨ ਪਰਮਜੀਤ ਸਿੰਘ ਸਰਨਾ ਨੂੰ ਰੋਕਿਆ ਗਿਆ ਹੈ, ਉਹ ਸੱਤ ਸਾਲ ਪੁਰਾਣਾ ਜਾਇਦਾਦ ਦੇ ਇੱਕ ਮਾਮਲੇ ਦਾ ਕੇਸ ਹੈ ਜਦੋਂ ਕਿ ਉਹ ਇਨ੍ਹਾਂ ਸੱਤ ਸਾਲਾਂ ਵਿੱਚ ਲਗਭਗ 100 ਵਾਰ ਵਿਦੇਸ਼ ਆ-ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਵੀ ਪਰਮਜੀਤ ਸਿੰਘ ਪਾਕਿਸਤਾਨ ਜਾ ਕੇ ਆਏ ਹਨ ਅਤੇ ਉਸ ਸਮੇਂ ਉਨ੍ਹਾਂ ਨੂੰ ਨਹੀਂ ਰੋਕਿਆ ਗਿਆ ਸੀ।