ਦਿੱਲੀ ਦੇ ਸੀਲਮਪੁਰ ’ਚ ਹਿੰਸਾ; 21 ਜ਼ਖ਼ਮੀ
ਸੋਧੇ ਹੋਏ ਨਾਗਰਿਕਤਾ ਐਕਟ ਖ਼ਿਲਾਫ਼ ਉੱਤਰ ਪੂਰਬ ਤੋਂ ਸ਼ੁਰੂ ਹੋਇਆ ਪ੍ਰਦਰਸ਼ਨਾਂ ਦਾ ਦੌਰ ਕੌਮੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਵੀ ਜਾਰੀ ਰਿਹਾ। ਇਥੇ ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ ਖੇਤਰ ਵਿੱਚ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਦਰਮਿਆਨ ਝੜਪ ਹੋਈ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਪੱਥਰਬਾਜ਼ੀ ਕੀਤੀ ਤੇ ਕਈ ਮੋਟਰਸਾਈਕਲਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਤਿੰਨ ਬੱਸਾਂ ਤੇ ਦੋ ਪੁਲੀਸ ਬੂਥਾਂ ਦੀ ਭੰਨਤੋੜ ਕੀਤੀ। ਪੁਲੀਸ ਨੇ ਹਜੂਮ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਦਾਗੇ। ਹਿੰਸਾ ਦੌਰਾਨ 12 ਪੁਲੀਸ ਮੁਲਾਜ਼ਮਾਂ ਤੇ 6 ਆਮ ਨਾਗਰਿਕਾਂ ਸਮੇਤ 21 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਰੈਪਿਡ ਐਕਸ਼ਨ ਫੋਰਸ (ਆਰਏਐੱਫ) ਅਮਲੇ ਦੇ ਤਿੰਨ ਮੈਂਬਰ ਵੀ ਦੱਸੇ ਜਾਂਦੇ ਹਨ। ਪੁਲੀਸ ਨੇ ਹਿੰਸਾ ਨੂੰ ਲੈ ਕੇ ਸੀਲਮਪੁਰ ਤੇ ਜਾਫ਼ਰਾਬਾਦ ਪੁਲੀਸ ਸਟੇਸ਼ਨਾਂ ਵਿੱਚ ਕੇਸ ਦਰਜ ਕੀਤੇ ਹਨ। ਪੁਲੀਸ ਮੁਤਾਬਕ ਭੰਨਤੋੜ ਤੇ ਅੱਗਜ਼ਨੀ ਦੀ ਇਹ ਖੇਡ ਡੇਢ ਘੰਟਾ ਚਲਦੀ ਰਹੀ। ਪੁਲੀਸ ਨੇ ਇਸ ਸਬੰਧ ਵਿੱਚ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ ਕੇਰਲ, ਤੇਲੰਗਾਨਾ, ਤਾਮਿਲਨਾਡੂ, ਪੱਛਮੀ ਬੰਗਾਲ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਅੱਜ ਸੱਜਰੇ ਪ੍ਰਦਰਸ਼ਨ ਹੋਣ ਦੀਆਂ ਰਿਪੋਰਟਾਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸੀਲਮਪੁਰ ਵਿੱਚ ਕਰੀਬ ਚਾਰ ਤੋਂ ਪੰਜ ਹਜ਼ਾਰ ਲੋਕਾਂ ਦੀ ਪੁਲੀਸ ਨਾਲ ‘ਮਾਮੂਲੀ ਝੜਪ’ ਹੋਈ, ਪਰ ਸਥਿਤੀ ’ਤੇ ਤੁਰੰਤ ਕਾਬੂ ਪਾ ਲਿਆ ਗਿਆ। ਕੁਝ ਲੋਕਾਂ ਵਲੋਂ ਜਫ਼ਰਾਬਾਦ ਵਿੱਚ ਕਰੀਬ 2 ਵਜੇ ਨਾਗਰਕਿਤਾ ਸੋਧ ਬਿੱਲ ਵਿਰੁਧ ਰੋਸ ਧਰਨਾ ਦਿੱਤਾ ਜਾਣਾ ਸੀ, ਪਰ ਦੁਪਹਿਰ ਕਰੀਬ ਇੱਕ ਵਜੇ ਹੀ ਲੋਕ ਸੀਲਮਪੁਰ ਵਿੱਚ ਇਕੱਤਰ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ। ਅਧਿਕਾਰੀ ਨੇ ਦੱਸਿਆ, ‘ਲੁਕੀ ਹੋਈ ਭੀੜ ਨੇ ਕੋਈ ਅਗਾਊਂ ਸੂਚਨਾ ਦਿੱਤੇ ਬਿਨਾਂ ਸੀਲਮਪੁਰ ਪੁਆਇੰਟ ਵੱਲ ਵਧਣਾ ਸ਼ੁਰੂ ਕਰ ਦਿੱਤਾ। ਇਹ ਕਰੀਬ ਚਾਰ-ਪੰਜ ਹਜ਼ਾਰ ਲੋਕ ਸਨ, ਜੋ ਕਰੀਬ ਅੱਧੇ ਘੰਟੇ ਤਕ ਸ਼ਾਂਤਮਈ ਪ੍ਰਦਰਸ਼ਨ ਕਰਦੇ ਰਹੇ, ਪਰ ਉਸ ਤੋਂ ਬਾਅਦ ਉਨ੍ਹਾਂ ਦੀ ਪੁਲੀਸ ਨਾਲ ਮਾਮੂਲੀ ਝੜਪ ਹੋ ਗਈ।
ਇਸ ਦੌਰਾਨ ਦਿੱਲੀ ਪੁਲੀਸ ਨੇ ਦਾਅਵਾ ਕੀਤਾ ਕਿ ਉਸ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੇੜੇ ਹੋਏ ਹਿੰਸਾ ਵਿੱਚ ਕਥਿਤ ਸ਼ਮੂਲੀਅਤ ਲਈ ਅਪਰਾਧਿਕ ਪਿਛੋਕੜ ਵਾਲੇ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸਾਫ਼ ਕਰ ਦਿੱਤਾ ਕਿ ਇਨ੍ਹਾਂ ਵਿੱਚ ਕੋਈ ਵੀ ਵਿਦਿਆਰਥੀ ਸ਼ਾਮਲ ਨਹੀਂ ਹੈ। ਚੇਤੇ ਰਹੇ ਕਿ ਪੁਲੀਸ ਨੇ ਐਤਵਾਰ ਨੂੰ 50 ਦੇ ਕਰੀਬ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਨੂੰ ਮਗਰੋਂ ਰਿਹਾਅ ਕਰ ਦਿੱਤਾ ਗਿਆ। ਉਧਰ ਯੂਨੀਵਰਸਿਟੀ ਦੇ ਬਾਹਰ ਅੱਜ ਦਿਨ ਭਰ ਬੇਚੈਨੀ ਵਾਲਾ ਮਾਹੌਲ ਬਣਿਆ ਰਿਹਾ। ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚ ਮੁਕਾਮੀ ਬਾਸ਼ਿੰਦੇ ਤੇ ਵਿਦਿਆਰਥੀ ਸ਼ਾਮਲ ਸਨ, ਨੇ ਹੱਥਾਂ ਵਿੱਚ ਤਿਰੰਗਾ ਤੇ ਤਖ਼ਤੀਆਂ ਫੜ ਕੇ ਸੀਏਏ ਤੇ ਕੌਮੀ ਨਾਗਰਿਕਤਾ ਰਜਿਸਟਸਰ ਖ਼ਿਲਾਫ਼ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਉਨ੍ਹਾਂ ਹੱਡ ਚੀਰਵੀਂ ਠੰਢ ਦੇ ਬਾਵਜੂਦ ਯੂਨੀਵਰਸਿਟੀ ਦੇ ਬਾਹਰ ਮਾਰਚ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇ ਲਾਏ।
ਉਧਰ ਕੇਰਲ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਬੱਸਾਂ ’ਤੇ ਪੱਥਰਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਈ ਦੁਕਾਨਾਂ ਨੂੰ ਜਬਰੀ ਬੰਦ ਕਰਵਾਇਆ। ਕੇਰਲ ਵੱਚ 30 ਇਸਲਾਮਿਕ ਤੇ ਸਿਆਸੀ ਜਥੇਬੰਦੀਆਂ ਦੇ ਸਮੂਹ ਨੇ ‘ਸਵੇਰ ਤੋਂ ਸ਼ਾਮ’ ਤਕ ਹੜਤਾਲ ਦਾ ਸੱਦਾ ਦਿੱਤਾ ਸੀ। ਪੁਲੀਸ ਨੇ ਇਹਤਿਆਤ ਵਜੋਂ ਦੋ ਸੌ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹੈਦਰਾਬਾਦ ਵਿੱਚ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਜਾਮੀਆ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹਮਾਇਤ ਵਿੱਚ ’ਵਰਸਿਟੀ ਕੈਂਪਸ ਵਿੱਚ ਸ਼ਾਂਤੀਪੂਰਵਕ ਮਾਰਚ ਕੱਢਿਆ। ਮਹਾਰਾਸ਼ਟਰ ਦੇ ਪੁਣੇ ਵਿੱਚ ਫਰਗੂਸਨ ਕਾਲਜ ਦੇ ਵਿਦਿਆਰਥੀਆਂ ਨੇ ਸੀਏਏ ਤੇ ਐੱਨਆਰਸੀ ਖ਼ਿਲਾਫ਼ ਰੈਲੀ ਕੀਤੀ। ਤਾਮਿਲਨਾਡੂ ਵਿੱਚ ਮੱਕਲ ਨਿਧੀ ਮਾਇਮ ਪਾਰਟੀ ਦੇ ਮੁਖੀ ਕਮਲ ਹਾਸਨ ਨੇ ਸੀਏਏ ਨੂੰ ਲੈ ਕੇ ਸੱਤਾਧਾਰੀ ਅੰਨਾ ਡੀਐੱਮਕੇ ਪਾਰਟੀ ਨੂੰ ਭੰਡਦਿਆਂ ਕਿਹਾ ਕਿ ਇਸ ਪਾਰਟੀ ਨੇ ਨਵੇਂ ਕਾਨੂੰਨ ਦੀ ਹਮਾਇਤ ਕਰਕੇ ‘ਆਪਣੇ ਮਾਲਕਾਂ ਪ੍ਰਤੀ ਵਫ਼ਾਦਾਰੀ’ ਵਿਖਾਈ ਹੈ। ਡੀਐੱਮਕੇ ਪ੍ਰਧਾਨ ਐੱਮ.ਕੇ.ਸਟਾਲਿਨ ਨੇ ਨਵੇਂ ਕਾਨੂੰਨ ਨੂੰ ‘ਕਾਹਲੀ ’ਚ ਲਿਆਂਦਾ ਤੇ ਤਾਨਾਸ਼ਾਹੀ’ ਗ਼ਰਦਾਨਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਇਹ ਕਾਨੂੰਨ ਲਿਆਉਣ ਪਿੱਛੇ ਅਸਲ ਮਕਸਦ ਦੇਸ਼ ਦਾ ਵਿਕਾਸ ਨਹੀਂ, ਬਲਕਿ ਮੁਸਲਮਾਨਾਂ ਦੇ ਹੱਕਾਂ ਨੂੰ ਪੈਰਾਂ ਹੇਠ ਮਧੋਲਣਾ ਹੈ। ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਸੰਕਰੇਲ ਵਿੱਚ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਸੁੱਟਿਆ ਬੰਬ ਫਟਣ ਨਾਲ ਇਕ ਆਈਪੀਐੱਸ ਅਧਿਕਾਰ ਤੇ ਦੋ ਹੋਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਤੇ ਰੇਲ ਆਵਾਜਾਈ ’ਚ ਵਿਘਨ ਪਾਇਆ। ਉਧਰ ਗੁਹਾਟੀ ਤੇ ਸ਼ਿਲਾਂਗ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ’ਚ ਸੁਧਾਰ ਮਗਰੋਂ ਕਰਫ਼ਿਊ ਹਟਾ ਲਿਆ ਗਿਆ ਹੈ। ਅਸਾਮ ਸਰਕਾਰ ’ਚ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਸੂਬਾ ਸਰਕਾਰ ਸਕੱਤਰੇਤ ਖੇਤਰ ਤੇ ਸੀਮੰਤਾ ਸੰਕਰਾਦੇਵਾ ਕਲਾਕਸ਼ੇਤਰਾ ਵਿੱਚ ਹੋਈ ਹਿੰਸਾ ’ਚ ਯੂਥ ਕਾਂਗਰਸ ਦੇ ਪ੍ਰਧਾਨ ਤੇ ਐੱਨਐੱਸਯੂਆਈ ਕਾਰਕੁਨ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਲਈ ਸਿੱਟ ਗਠਿਤ ਕਰੇਗੀ। ਯੂਪੀ ਪੁਲੀਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਮਾਮਲੇ ਵਿੱਚ ਅੱਠ ਵਿਦਿਆਰਥੀਆਂ ਸਮੇਤ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਨਿੱਜੀ ਮੁਚੱਲਕੇ ਭਰਨ ਮਗਰੋਂ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਨਾਗਰਿਕਾ ਐਕਟ ਖ਼ਿਲਾਫ਼ ਪ੍ਰਦਰਸ਼ਨਾਂ ਦਾ ਸੇਕ ਉੜੀਸਾ ਪੁੱਜ ਗਿਆ ਹੈ। ਭੁਬਨੇਸ਼ਵਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਅਮਨਪੂਰਵਕ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਅਪੀਲ ਕੀਤੀ ਕਿ ਉਹ ਇਸ ਐਕਟ ਬਾਰੇ ਆਪਣੀ ਬੀਜੇਡੀ ਸਰਕਾਰ ਦੇ ਸਟੈਂਡ ਬਾਰੇ ਸਪਸ਼ਟ ਕਰਨ। ਗੁਜਰਾਤ ਵਿੱਚ ਪੁਲੀਸ ਨੇ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਦੇ ਪੰਜ ਵਿਦਿਆਰਥੀਆਂ ਨੂੰ ਨਵੇਂ ਨਾਗਰਕਿਤਾ ਐਕਟ ਦਾ ਵਿਰੋਧ ਕਰਦਿਆਂ ਕੰਧ ’ਤੇ ਇਤਰਾਜ਼ਯੋਗ ਸ਼ਬਦਾਵਲੀ ਉਕੇਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਰੇਲ ਰਾਜ ਮੰਤਰੀ ਸੁਰੇਸ਼ ਅੰਗਾੜੀ ਨੇ ਰੇਲਵੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ‘ਵੇਖਦੇ ਹੀ ਗੋਲੀ ਮਾਰਨ’ ਲਈ ਆਖ ਦਿੱਤਾ ਹੈ। ਸ੍ਰੀ ਅੰਗਾੜੀ ਨੇ ਇਹ ਦਾਅਵਾ ਅੱਜ ਹੁਬਲੀ ’ਚ ਕੀਤਾ।ਇਸ ਦੌਰਾਨ ਸ੍ਰੀਨਗਰ ਦੇ ਇਸਲਾਮੀਆ ਕਾਲਜ ਵਿੱਚ ਵੀ ਵਿਦਿਆਰਥੀਆਂ ਨੇ ਸੀਏਏ ਤੇ ਐੱਨਆਰਸੀ ਖਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨਾਲ ਹੋਈ ਝੜਪ ਦੌਰਾਨ ਪੁਲੀਸ ਨੂੰ ਹਲਕੀ ਤਾਕਤ ਦਾ ਇਸਤੇਮਾਲ ਵੀ ਕਰਨਾ ਪਿਆ। ਇਹ ਕਸ਼ਮੀਰ ਵਾਦੀ ਵਿੱਚ ਨਾਗਰਿਕਤਾ ਬਿੱਲ ਖਿਲਾਫ਼ ਪਲੇਠਾ ਪ੍ਰਦਰਸ਼ਨ ਸੀ।