ਦਿੱਲੀ ਦੰਗੇ: ਸੰਸਦ ਦੇ ਦੋਵੇਂ ਸਦਨਾਂ ’ਚ ਪੰਜਵੇਂ ਦਿਨ ਵੀ ਹੰਗਾਮਾ
ਦਿੱਲੀ ’ਚ ਹੋਏ ਦੰਗਿਆਂ ’ਤੇ ਸੰਸਦ ਦੇ ਦੋਵੇਂ ਸਦਨਾਂ ’ਚ ਬਹਿਸ ਦੀ ਮੰਗ ਨੂੰ ਲੈ ਕੇ ਲਗਾਤਾਰ ਪੰਜਵੇਂ ਦਿਨ ਹੰਗਾਮਾ ਹੁੰਦਾ ਰਿਹਾ ਅਤੇ ਕਾਰਵਾਈ ’ਚ ਅੜਿੱਕੇ ਪੈਂਦੇ ਰਹੇ। ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤੇ ਜਾਣ ਕਰਕੇ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਹੋਲੀ ਦੀ ਛੁੱਟੀਆਂ ਮਗਰੋਂ 11 ਮਾਰਚ ਤਕ ਲਈ ਉਠਾ ਦਿੱਤੀ ਗਈ। ਉਧਰ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਦੋਵੇਂ ਸਦਨਾਂ ’ਚ ਹੰਗਾਮੇ ਦੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਹੁਕਮਰਾਨ ਅਤੇ ਵਿਰੋਧੀ ਧਿਰ ਨੂੰ ਇਕੱਠਿਆਂ ਬੈਠ ਕੇ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਤਾਂ ਜੋ ਸੰਸਦ ਦੀ ਕਾਰਵਾਈ ਸ਼ਾਂਤੀ ਨਾਲ ਚਲਾਈ ਜਾ ਸਕੇ। ਉਪਰਲੇ ਸਦਨ ਦੀ ਕਾਰਵਾਈ ਜਿਵੇਂ ਹੀ 11 ਵਜੇ ਸ਼ੁਰੂ ਹੋਈ ਤਾਂ ਇਸ ਨੂੰ ਹੰਗਾਮੇ ਕਾਰਨ 15 ਮਿੰਟਾਂ ਮਗਰੋਂ ਹੀ ਉਠਾ ਦਿੱਤਾ ਗਿਆ। ਲੋਕ ਸਭਾ ’ਚ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਸਦਨ ਨੇ ਦੋ ਬਿਲ ਮਿਨਰਲ ਲਾਅਜ਼ (ਸੋਧ) ਬਿਲ ਅਤੇ ਦੀਵਾਲੀਆ ਕੋਡ (ਦੂਜੀ ਸੋਧ) ਬਿਲ ਪਾਸ ਕਰ ਦਿੱਤੇ। ਜਿਵੇਂ ਹੀ ਸਦਨ ਦੀ ਕਾਰਵਾਈ ਅੱਜ ਸਵੇਰੇ ਸ਼ੁਰੂ ਹੋਈ ਤਾਂ ਕਾਂਗਰਸ, ਡੀਐੱਮਕੇ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਸਮੇਤ ਹੋਰ ਪਾਰਟੀਆਂ ਦੇ ਕੁਝ ਮੈਂਬਰ ਦਿੱਲੀ ’ਚ ਦੰਗਿਆਂ ਬਾਰੇ ਬਹਿਸ ਦੀ ਮੰਗ ਕਰਦਿਆਂ ਸਪੀਕਰ ਦੇ ਆਸਣ ਅੱਗੇ ਆ ਗਏ ਅਤੇ ਨਾਅਰੇਬਾਜ਼ੀ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰਨ ਲੱਗ ਪਏ। ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਕਈ ਮੈਂਬਰਾਂ ਨੇ ਆਪਣੀਆਂ ਬਾਹਾਂ ’ਤੇ ਕਾਲੇ ਰਿਬਨ ਵੀ ਬੰਨ੍ਹੇ ਹੋਏ ਸਨ। ਉਂਜ ਰਾਹੁਲ ਵਿਰੋਧ ਪ੍ਰਗਟ ਕਰਨ ਲਈ ਸਦਨ ਦੇ ਵਿਚਕਾਰ ਨਹੀਂ ਗਏ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੱਤ ਮੈਂਬਰਾਂ ਨੂੰ ਮਾੜੇ ਵਤੀਰੇ ਕਾਰਨ ਬਜਟ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਲੋਕ ਸਭਾ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।