ਦਿੱਲੀ ਨੂੰ ਸੀਏਏ ਪੱਖੀ ਸਰਕਾਰ ਦੀ ਲੋੜ: ਮੋਦੀ

ਦਿੱਲੀ ਨੂੰ ਸੀਏਏ ਪੱਖੀ ਸਰਕਾਰ ਦੀ ਲੋੜ: ਮੋਦੀ

ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦਿੱਲੀ ਨੂੰ ਅਜਿਹੀ ਸਰਕਾਰ ਚਾਹੀਦੀ ਹੈ ਜੋ ਖ਼ੁਸ਼ ਕਰਨ ਦੀ ਸਿਆਸਤ ਨਾ ਕਰੇ ਪਰ ਸੀਏਏ, ਧਾਰਾ 370 ਹਟਾਉਣ ਅਤੇ ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਦਾ ਸਮਰਥਨ ਕਰੇ। ਦੁਆਰਕਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕੌਮੀ ਰਾਜਧਾਨੀ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਰਾਹ ਦਿਖਾਉਣ ਦਾ ਕੰਮ ਕਰੇ, ਦੋਸ਼ ਲਾਉਣ ਦੀ ਖੇਡ ਨਾ ਖੇਡੇ। ਪ੍ਰਧਾਨ ਮੰਤਰੀ ਨੇ ‘ਆਪ’ ਉਤੇ ਆਯੂਸ਼ਮਾਨ ਸਕੀਮ ਦਿੱਲੀ ਵਿਚ ਲਾਗੂ ਨਾ ਕਰਨ ਦਾ ਦੋਸ਼ ਲਾਉਂਦਿਆਂ ਪੁੱਛਿਆ ਕਿ ਜੇ ਕੋਈ ਦਿੱਲੀ ਵਾਸੀ ਸ਼ਹਿਰ ਤੋਂ ਬਾਹਰ ਬੀਮਾਰ ਪੈ ਜਾਵੇ ਤਾਂ ਕੀ ‘ਮੁਹੱਲਾ ਕਲੀਨਿਕ’ ਕੰਮ ਆਵੇਗਾ? ਮੋਦੀ ਨੇ ਕਿਹਾ ਕਿ ਦਿੱਲੀ ਦੇ ਲੋਕ ਕਹਿੰਦੇ ਹਨ ਕਿ ਦੇਸ਼ ਬਦਲ ਗਿਆ ਹੈ, ਹੁਣ ਦਿੱਲੀ ਬਦਲਣ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਉਹ ਸਰਕਾਰ ਨਹੀਂ ਚਾਹੀਦੀ ਜੋ ਦੁਸ਼ਮਣਾਂ ਨੂੰ ਸਾਡੇ ’ਤੇ ਹੱਲਾ ਬੋਲਣ ਦਾ ਮੌਕਾ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਗਰੀਬਾਂ ਲਈ ਅਮਰੀਕਾ ਦੀ ਆਬਾਦੀ ਨਾਲੋਂ ਵੀ ਵੱਧ ਬੈਂਕ ਖ਼ਾਤੇ ਖੋਲ੍ਹੇ ਹਨ। ਸ੍ਰੀਲੰਕਾ ਦੀ ਆਬਾਦੀ ਨਾਲੋਂ ਵੱਧ ਮਕਾਨ ਬਣਾ ਕੇ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਨਾਗਰਿਕਤਾ ਕਾਨੂੰਨ ਬਾਰੇ ਝੂਠ ਤੇ ਅਫ਼ਵਾਹਾਂ ਫੈਲਾ ਰਹੀਆਂ ਹਨ, ਪਰ ਦਿੱਲੀ ਦੇ ਲੋਕ ਸਮਝਦੇ ਹਨ। ਉਨ੍ਹਾਂ ‘ਆਪ’ ਅਤੇ ਕਾਂਗਰਸ ’ਤੇ ਕੌਮੀ ਰਾਜਧਾਨੀ ਦੇ ਵਿਕਾਸ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਮੋਦੀ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੇ ਬਾਟਲਾ ਹਾਊਸ ਦੇ ਅਤਿਵਾਦੀਆਂ ਦਾ ਪੱਖ ਪੂਰ ਕੇ ਸੁਰੱਖਿਆ ਬਲਾਂ ਨੂੰ ਖ਼ਤਰੇ ’ਚ ਪਾਇਆ ਹੈ। ਉਨ੍ਹਾਂ ਲੋਕਾਂ ਨੂੰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

Radio Mirchi