ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਪੂਰਾ

ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਪੂਰਾ

ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅਮਲ ਪੂਰਾ ਹੋ ਗਿਆ। ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ ਆਪੋ-ਆਪਣੇ ਹਲਕੇ ਦੇ ਚੋਣ ਅਧਿਕਾਰੀਆਂ ਕੋਲ ਕਾਗਜ਼ ਦਾਖ਼ਲ ਕਰਵਾ ਦਿੱਤੇ ਹਨ। ਹੁਣ ਬੁੱਧਵਾਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਤੇ 24 ਜਨਵਰੀ ਤਕ ਨਾਮ ਵਾਪਸ ਲਏ ਜਾ ਸਕਣਗੇ।
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਨਵੀਂ ਦਿੱਲੀ ਹਲਕੇ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ। ਸ੍ਰੀ ਕੇਜਰੀਵਾਲ ਦੇ ਮੁਕਾਬਲੇ ਭਾਜਪਾ ਵੱਲੋਂ ਯੂਥ ਭਾਜਪਾ ਦੇ ਪ੍ਰਧਾਨ ਰਹੇ ਸੁਨੀਲ ਯਾਦਵ ਤੇ ਕਾਂਗਰਸ ਵੱਲੋਂ ਰਮੇਸ਼ ਸੱਭਰਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕੇਜਰੀਵਾਲ ਨੇ ਨਾਮਜ਼ਦਗੀ ਨਾਲ ਦਾਖ਼ਲ ਕੀਤੇ ਹਲਫ਼ਨਾਮੇ ਵਿੱਚ ਕੁੱਲ 3.4 ਕਰੋੜ ਰੁਪਏ ਦੇ ਅਸਾਸੇ ਦਰਸਾਏ ਹਨ। ਸਾਲ 2015 ਵਿੱਚ ਇਹ ਅਸਾਸੇ 2.1 ਕਰੋੜ ਰੁਪਏ ਦੇ ਸਨ।
‘ਆਪ’ ਨੇ ਸਾਰੇ 70 ਹਲਕਿਆਂ ਜਦੋਂਕਿ ਭਾਜਪਾ ਤੇ ਕਾਂਗਰਸ ਨੇ ਕ੍ਰਮਵਾਰ 67 ਤੇ 66 ਹਲਕਿਆਂ ਤੋਂ ਆਪਣੇ ਉਮੀਦਵਾਰ ਚੋਣ ਪਿੜ ਵਿੱਚ ਉਤਾਰੇ ਹਨ। ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੋਟੇ ਵਾਲੇ ਹਲਕਿਆਂ ਰਾਜੌਰੀ ਗਾਰਡਨ ਤੋਂ ਰਮੇਸ਼ ਖੰਨਾ, ਹਰੀ ਨਗਰ ਤੋਂ ਤੇਜਿੰਦਰਪਾਲ ਸਿੰਘ ਬੱਗਾ, ਕਾਲਕਾਜੀ ਤੋਂ ਧਰਮਵੀਰ ਸਿੰਘ ਤੇ ਸ਼ਾਹਦਰਾ ਤੋਂ ਸੰਜੇ ਗੋਇਲ ਨੂੰ ਟਿਕਟ ਦਿੱਤੀ ਹੈ। ਇਸ ਵਾਰ ਮੁੱਖ ਸਿਆਸੀ ਧਿਰਾਂ ਵੱਲੋਂ ਸਿੱਖ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ, ਪਰ ਪਿਛਲੀ ਵਾਰ ਨਾਲੋਂ ਇਸ ਵਾਰ ਘੱਟ ਸਿੱਖ ਉਮੀਦਵਾਰ ਇਨ੍ਹਾਂ ਪਾਰਟੀਆਂ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਹਨ। ‘ਆਪ’ ਨੇ ਤਿਲਕ ਨਗਰ ਤੋਂ ਮੌਜੂਦਾ ਵਿਧਾਇਕ ਜਰਨੈਲ ਸਿੰਘ ਤੇ ਚਾਂਦਨੀ ਚੌਕ ਤੋਂ ਪ੍ਰਹਿਲਾਦ ਸਿੰਘ ਸਾਹਨੀ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਜਿਨ੍ਹਾਂ ਚਾਰ ਸਿੱਖ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ, ਉਨ੍ਹਾਂ ਵਿੱਚ ਆਰਪੀ ਸਿੰਘ (ਰਜਿੰਦਰ ਨਗਰ), ਇੰਦਰਪ੍ਰੀਤ ਸਿੰਘ (ਜੰਗਪੁਰਾ), ਤੇਜਿੰਦਰਪਾਲ ਬੱਗਾ (ਰਾਜੌਰੀ ਗਾਰਡਨ) ਤੇ ਸੁਰਿੰਦਰ ਸਿੰਘ (ਤਿਮਾਰਪੁਰ) ਸ਼ਾਮਲ ਹਨ। ਕਾਂਗਰਸ ਨੇ ਤਿਲਕ ਨਗਰ ਤੋਂ ਰਮਿੰਦਰ ਸਿੰਘ ਬਮਰ੍ਹਾ, ਤਰਵਿੰਦਰ ਸਿੰਘ ਮਾਰਵਾਹ (ਜੰਗਪੁਰਾ), ਅਰਵਿੰਦਰ ਸਿੰਘ ਲਵਲੀ (ਗਾਂਧੀ ਨਗਰ) ਤੇ ਅਰਵਿੰਦਰ ਸਿੰਘ (ਦਿਓਲੀ) ਨੂੰ ਉਮੀਦਵਾਰ ਬਣਾਇਆ ਹੈ।

Radio Mirchi