ਦਿੱਲੀ ਵਿੱਚ ਆਈਐੱਸ ਦਾ ਮੈਂਬਰ ਧਮਾਕਾਖੇਜ਼ ਸਮੱਗਰੀ ਸਣੇ ਕਾਬੂ
ਕੇਂਦਰੀ ਦਿੱਲੀ ਦੇ ਰਿੱਜ ਰੋਡ ਤੋਂ ਆਈਐੱਸਆਈਐੱਸ ਦੇ ਇਕ ਮੈਂਬਰ ਨੂੰ ਧਮਾਕਾਖੇਜ਼ ਸਮੱਗਰੀ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗ੍ਰਿਫ਼ਤਾਰੀ ਤੋਂ ਪਹਿਲਾਂ ਗੋਲੀਬਾਰੀ ਵੀ ਹੋਈ। ਇਹ ਜਾਣਕਾਰੀ ਦਿੱਲੀ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਮੁਲਜ਼ਮ ਨੂੰ ਲੰਘੀ ਰਾਤ ਗ੍ਰਿਫ਼ਤਾਰ ਕੀਤਾ ਗਿਆ।
ਡਿਪਟੀ ਕਮਿਸ਼ਨਰ ਪੁਲੀਸ (ਵਿਸ਼ੇਸ਼ ਸੈੱਲ) ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ, ‘‘ਧੌਲਾ ਕੂੰਆਂ ਤੇ ਕਰੋਲ ਬਾਗ਼ ਵਿਚਾਲੇ ਗੋਲੀਬਾਰੀ ਹੋਣ ਤੋਂ ਬਾਅਦ ਮੁਲਜ਼ਮ ਨੂੰ ਰਿੱਜ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ।’’ ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਦਿੱਲੀ ਪੁਲੀਸ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਸਕਦੀ ਹੈ। ਪੁਲੀਸ ਨੇ ਇਸ ਗ੍ਰਿਫ਼ਤਾਰੀ ਤੋਂ ਬਾਅਦ ਕੌਮੀ ਰਾਜਧਾਨੀ ਵਿੱਚ ਚੌਕਸੀ ਵਧਾ ਦਿੱਤੀ ਹੈ। ਇਸੇ ਦੌਰਾਨ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦੀ ਬੰਬ ਨਕਾਰਾ ਕਰਨ ਵਾਲੀ ਇਕ ਟੀਮ ਬੰਬ ਜਾਂ ਧਮਾਕਾਖੇਜ਼ ਸਮੱਗਰੀ ਉਠਾਉਣ ’ਚ ਮੱਦਦ ਕਰਨ ਵਾਲਾ ਰੌਬੋਟ ਤੇ ਨਿਯੰਤਰਿਤ ਵਾਤਾਵਰਨ ’ਚ ਬੰਬ ਨਕਾਰਾ ਕਰਨ ਵਾਲਾ ਟੀਸੀਵੀ ਵਾਹਨ ਲੈ ਕੇ ਮੌਕੇ ’ਤੇ ਪਹੁੰਚੀ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਗੲੇ ਆਈਐੱਸ ਮੈਂਬਰ ਮੁਹੰਮਦ ਮਸਤਕੀਮ ਖਾਨ ਉਰਫ਼ ਯੂਸੁਫ਼ ਖਾਨ ਜੋ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਨੂੰ ਸਿਖਲਾਈ ਪਾਕਿਸਤਾਨ ’ਚ ਰਹਿਣ ਵਾਲੇ ਆਈਐੱਸ ਦੇ ਮੈਂਬਰ ਅਬੂ ਹਜ਼ਫਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ।