ਦਿੱਲੀ ਵੱਲ ਕੂਚ ਕਰਦਿਆਂ ਸਿੱਧੂ ਮੂਸੇ ਵਾਲਾ ਨੇ ਕਿਸਾਨਾਂ ਨੂੰ ਆਖੀਆਂ ਇਹ ਗੱਲਾਂ, ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ
ਜਲੰਧਰ : ਕਿਸਾਨੀ ਹੱਕਾਂ ਲਈ ਰਾਜਧਾਨੀ ਦਿੱਲੀ 'ਚ ਲੜੀ ਜਾ ਰਹੀ ਇਤਿਹਾਸਕ ਲੜਾਈ ਨੂੰ ਪੰਜਾਬ ਦੇ ਗਾਇਕਾਂ ਵੱਲੋਂ ਵੀ ਭਰਪੂਰ ਸਰਮਰਥਨ ਮਿਲ ਰਿਹਾ ਹੈ। ਜਿੱਥੇ ਬਹੁਤ ਸਾਰੇ ਗਾਇਕ ਸੋਸ਼ਲ ਮੀਡੀਆ ਰਾਹੀ ਆਪਣਾ ਯੋਗਦਾਨ ਪਾ ਰਹੇ ਉੱਥੇ ਕੰਵਰ ਗਰੇਵਾਲ, ਹਰਫ਼ ਚੀਮਾ, ਗਲਵ ਵੜੈਚ ਸਮੇਤ ਹੋਰ ਬਹੁਤ ਸਾਰੇ ਗਾਇਕ ਵੀ ਦਿੱਲੀ ਪੁੱਜੇ ਹੋਏ ਹਨ। ਇਨ੍ਹਾਂ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਵਲੋਂ ਵੀ ਕਿਸਾਨ ਧਰਨੇ 'ਚ ਹਾਜ਼ਰੀ ਲਵਾਈ ਗਈ ਸੀ ਅਤੇ ਲੰਬੇ ਸਮੇਂ ਤੋਂ ਕਿਸਾਨਾਂ ਨਾਲ ਦਿੱਲੀ ਨਾਂ ਪੁੱਜਣ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਕੀਤੇ ਜਾ ਰਹੇ ਗਾਇਕ ਸਿੱਧੂ ਮੂਸੇ ਵਾਲਾ ਨੇ ਵੀ ਟਿਕਰੀ ਬਾਰਡਰ 'ਤੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ।
ਸਿੱਧੂ ਮੂਸੇ ਵਾਲਾ ਮੰਚ ਤੋਂ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰ ਇਨਸਾਨ ਆਪਣਾ ਧਰਮ ਭੁਲਾ ਕੇ ਇੱਥੇ ਆਪਣੇ ਹੱਕਾਂ ਲਈ ਇਕਜੁਟ ਹੋਇਆ ਹੈ ਕਿਉਂਕਿ ਅੱਜ ਸਾਡੇ ਤੋਂ ਸਾਡੀ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਡੇ ਹੱਕਾਂ 'ਤੇ ਪੈਣ ਵਾਲੇ ਇਸ ਡਾਕੇ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਹੈ ਕਿ ਅੱਜ ਹਰਿਆਣਾ ਦੇ ਕਿਸਾਨ ਵੀ ਵਧਾਈ ਦੇ ਪਾਤਰ ਹਨ, ਜਿਹੜੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਅੱਜ ਹਰ ਕੋਈ ਆਪਸੀ ਖਿੱਚੋਤਾਣ ਭੁਲਕੇ ਕਿਸਾਨਾਂ ਨਾਲ ਖੜਾ ਹੈ। ਅੱਜ ਹਰਿਆਣਾ ਵਾਲੇ ਵੀਰ ਕਹਿ ਰਹੇ ਹਨ, ਜੋ ਫ਼ੈਸਲਾ ਪੰਜਾਬ ਭਰਾ ਕਰੂੰਗਾ ਉਹ ਉਸ ਦੀ ਤਹਿ ਦਿਲ ਤੋਂ ਹਮਾਇਤ ਕਰਨਗੇ ਜੋ ਬਹੁਤ ਵੱਡੀ ਗੱਲ ਹੈ। ਸਿੱਧੂ ਨੇ ਇਹ ਗੱਲ ਵੀ ਕਹੀ ਵੀ ਸਾਨੂੰ ਇਹ ਸੰਘਰਸ਼ ਨੂੰ ਬਿਨ੍ਹਾਂ ਅਨੁਸ਼ਾਸ਼ਨ ਭੰਗ ਕੀਤੇ ਇਸ ਤਰ੍ਹਾਂ ਹੀ ਜਾਰੀ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਮੰਚ ਤੋਂ ਯੂਥ ਨੂੰ ਵੰਗਾਰਦਿਆਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਬਜ਼ੁਰਗਾਂ ਦਾ ਸਾਥ ਦੇਣ ਦੀ ਲੋੜ ਹੈ ਤਾਂ ਜੋ ਇਸ ਸੰਘਰਸ਼ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਨੈਗੇਟੀਵਿਟੀ ਨੂੰ ਦੇਖਦਿਆਂ ਬੀਤੇ ਦਿਨੀਂ ਸਿੱਧੂ ਮੂਸੇ ਵਾਲਾ ਨੂੰ ਵੀ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨੂੰ ਕਿਸਾਨਾਂ ਦੇ ਸਮਰਥਨ ਦੀ ਗੱਲ ਰੱਖਣੀ ਪਈ। ਸੋਸ਼ਲ ਮੀਡੀਆ 'ਤੇ ਇਹ ਚਰਚਾ ਖੂਬ ਛਿੜੀ ਹੋਈ ਸੀ ਕਿ ਸਿੱਧੂ ਮੂਸੇ ਵਾਲਾ ਇਕ ਦਿਨ ਪ੍ਰਦਰਸ਼ਨ ਦਾ ਹਿੱਸਾ ਬਣ ਕੇ ਬਾਅਦ 'ਚ ਕਿਸਾਨ ਸੰਘਰਸ਼ 'ਚ ਨਜ਼ਰ ਕਿਉਂ ਨਹੀਂ ਆਇਆ। ਸਿੱਧੂ ਨੇ ਲਾਈਵ ਦੌਰਾਨ ਕਿਹਾ ਕਿ ਫ਼ਿਲਮ ਅਤੇ ਕੰਮ 'ਚ ਰੁੱਝੇ ਹੋਣ ਕਰਕੇ ਉਹ ਕਿਸਾਨ ਸੰਘਰਸ਼ ਦਾ ਹਿੱਸਾ ਨਹੀਂ ਬਣ ਸਕਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਕਾਮੇ ਜੁੜੇ ਹੋਏ ਸਨ ਤੇ ਮੇਰੇ ਨਾਲ ਬਾਕੀਆਂ ਦਾ ਨੁਕਸਾਨ ਹੁੰਦਾ, ਇਹ ਮੈਂ ਨਹੀਂ ਚਾਹੁੰਦਾ ਸੀ।