ਦਿੱਲੀ ’ਚ ਕੇਜਰੀਵਾਲ ਤੀਸਰੀ ਵਾਰ

ਦਿੱਲੀ ’ਚ ਕੇਜਰੀਵਾਲ ਤੀਸਰੀ ਵਾਰ

ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਜਿੱਤ ਦੀ ਹੈਟ੍ਰਿਕ ਲਾਉਂਦਿਆਂ ਮੁੜ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ‘ਆਪ’ ਨੇ 70 ਮੈਂਬਰੀ ਦਿੱਲੀ ਅਸੈਂਬਲੀ ਵਿੱਚ 62 ਸੀਟਾਂ ’ਤੇ ਜਿੱਤ ਦਰਜ ਕੀਤੀ ਜਦੋਂਕਿ ਉਸ ਦੀ ਰਵਾਇਤੀ ਵਿਰੋਧੀ ਭਾਜਪਾ ਨੂੰ ਅੱਠ ਸੀਟਾਂ ’ਤੇ ਜਿੱਤ ਨਸੀਬ ਹੋਈ ਤੇ ਕਾਂਗਰਸ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀ। ‘ਆਪ’ ਨੂੰ ਹਾਲਾਂਕਿ ਪਿਛਲੀ ਵਾਰ ਨਾਲੋਂ ਪੰਜ ਸੀਟਾਂ ਦਾ ਖੋਰਾ ਲੱਗਿਆ ਹੈ ਤੇ ਇਹ ਪੰਜੋਂ ਸੀਟਾਂ ਭਾਜਪਾ ਦੀ ਝੋਲੀ ਪਈਆਂ। ਹਾਰ ਦੇ ਬਾਵਜੂਦ ਭਾਜਪਾ ਦੀ ਵੋਟ ਫੀਸਦ ਵਿੱਚ ਐਤਕੀਂ ਛੇ ਫੀਸਦ ਦਾ ਵਾਧਾ ਹੋਇਆ ਹੈ। ਆਮ ਆਦਮੀ ਪਾਰਟੀ ਦੀ ਇਹ ਸ਼ਾਨਦਾਰ ਜਿੱਤ ਇਸ ਗੱਲੋਂ ਵੀ ਅਹਿਮ ਹੈ ਕਿਉਂਕਿ ਅੱਠ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਮੌਕੇ ਸੱਤਾਧਾਰੀ ਹੋਣ ਦੇ ਬਾਵਜੂਦ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕੇਜਰੀਵਾਲ ਨੂੰ ਿਜੱਤ ਦੀ ਵਧਾਈ ਦਿੱਤੀ। ਸ੍ਰੀ ਮੋਦੀ ਨੇ ਕੇਜਰੀਵਾਲ ਨੂੰ ਲੋਕਾਂ ਦੀ ਖਾਹਿਸ਼ਾਂ ’ਤੇ ਖਰਾ ਉਤਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਲਗਾਤਾਰ ਤੀਜੀ ਜਿੱਤ ਨਾਲ ਕੇਜਰੀਵਾਲ ਨੇ ਦਿੱਲੀ ਦੀ ਮਰਹੂਮ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਆਪ ਦੇ ਜਿੱਤੇ ਵਿਧਾਇਕਾਂ ਦੀ ਮੀਟਿੰਗ ਬੁੱਧਵਾਰ ਨੂੰ ਸਵੇਰੇ 11:30 ਵਜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਉਤੇ ਹੋਵੇਗੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ’ਚ ਕਿਹਾ ਕਿ ਉਹ ਦਿੱਲੀ ਦੇ ਵਿਕਾਸ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨਗੇ।
‘ਕੰਮ ਦੀ ਸਿਆਸਤ’ ਬਨਾਮ ‘ਨਫ਼ਰਤ ਦੀ ਸਿਆਸਤ’ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਆਮ ਆਦਮੀ ਪਾਰਟੀ ਦੇ ਸਿਖਰਲੇ ਆਗੂਆਂ ਆਤਿਸ਼ੀ, ਰਾਘਵ ਚੱਢਾ, ਕੈਬਨਿਟ ਮੰਤਰੀਆਂ ਗੋਪਾਲ ਰਾਏ, ਸਤੇਂਦਰ ਜੈਨ ਨੇ ਜਿੱਤਾਂ ਦਰਜ ਕੀਤੀਆਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਹਲਕੇ ਤੋਂ ਆਪਣੇ ਰਵਾਇਤੀ ਵਿਰੋਧੀ ਭਾਜਪਾ ਉਮੀਦਵਾਰ ਸੁਨੀਲ ਕੁਮਾਰ ਯਾਦਵ ਨੂੰ 17000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਕੌਮੀ ਰਾਜਧਾਨੀ ਵਿੱਚ ਚੋਣਾਂ ਅਜਿਹੇ ਮੌਕੇ ਹੋ ਰਹੀਆਂ ਸਨ, ਜਦੋਂ ਸ਼ਹਿਰ ਵਿੱਚ ਸੀਏਏ, ਐੱਨਆਰਸੀ ਤੇ ਐੱਨਪੀਆਰ ਵਿਰੋਧੀ ਪ੍ਰਦਰਸ਼ਨ ਸਿਖਰ ’ਤੇ ਸਨ। ਭਾਜਪਾ ਨੇ ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕੀਤੇ ਕੰਮਾਂ, ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਅਤੇ ਸ਼ਾਹੀਨ ਬਾਗ਼ ਤੇ ਜਾਮੀਆ ਇਸਲਾਮੀਆ ਯੂਨੀਵਰਸਿਟੀ ਦੇ ਰੋਸ ਪ੍ਰਦਰਸ਼ਨਾਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ, ਉਥੇ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੇ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਵਿਕਾਸ ਕੰਮਾਂ ਦਾ ਲੇਖਾ-ਜੋਖਾ ਲੋਕਾਂ ਅੱਗੇ ਰੱਖਿਆ। ‘ਆਪ’ ਤੇ ਕਾਂਗਰਸ ਨੇ ਭਾਜਪਾ ’ਤੇ ਵੋਟਰਾਂ ਦੇ ਧਰੁਵੀਕਰਨ ਲਈ ‘ਵੰਡਪਾਊ’ ਪ੍ਰਚਾਰ ਮੁਹਿੰਮ ਚਲਾਉਣ ਦਾ ਦੋਸ਼ ਵੀ ਲਾਇਆ। ‘ਆਪ’ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਟਾਰ ਪ੍ਰਚਾਰਕ ਸਨ, ਉਥੇ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਆਪਣੀ ਪੂਰੀ ਕੈਬਨਿਟ, ਯੂਪੀ ਤੇ ਬਿਹਾਰ ਦੇ ਮੁੱਖ ਮੰਤਰੀਆਂ ਨੂੰ ਵੀ ਚੋਣ ਪ੍ਰਚਾਰ ਵਿੱਚ ਝੋਕਿਆ। ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪਾਰਟੀ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਚੋਣ ਮੁਹਿੰਮ ਦੀ ਕਮਾਨ ਸੰਭਾਲੀ।
ਇਸ ਦੌਰਾਨ ‘ਆਪ’ ਦੇ ਤਰਜਮਾਨ ਸੰਜੈ ਸਿੰਘ ਨੇ ਕਿਹਾ, ‘ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਸੀ ਕਿ ਅਗਾਮੀ ਚੋਣਾਂ ਕੀਤੇ ਕੰਮਾਂ ਦੇ ਅਧਾਰ ’ਤੇ ਲੜੀਆਂ ਜਾਣਗੀਆਂ।’ ਪਾਰਟੀ ਵਲੰਟੀਅਰ ਫ਼ਰੀਨ ਖ਼ਾਨ ਨੇ ਪਾਰਟੀ ਦਫ਼ਤਰ ’ਚ ਕਿਹਾ, ‘ਸਾਨੂੰ ਆਸ ਸੀ ਕਿ ਸਾਨੂੰ ਅਜਿਹਾ ਸਪਸ਼ਟ ਫ਼ਤਵਾ ਮਿਲੇਗਾ, ਜਿਸ ਤੋਂ ਇਹ ਸੁਨੇਹਾ ਜਾਏਗਾ ਕਿ ਹਿੰਦੂ-ਮੁਸਲਿਮ ਸਿਆਸਤ ਇਥੇ ਹੁਣ ਹੋਰ ਕੰਮ ਨਹੀਂ ਕਰੇਗੀ।’ ਪ੍ਰਤਾਪਗੰਜ ਸੀਟ ਤੋਂ ਜਿੱਤੇ ਸਿਸੋਦੀਆ ਨੇ ਕਿਹਾ ਚੋਣਾਂ ਦੌਰਾਨ ਭਾਜਪਾ ਨੇ ‘ਨਫ਼ਰਤ ਦੀ ਸਿਆਸਤ’ ਕੀਤੀ, ਪਰ ਲੋਕਾਂ ਨੇ ਉਹਦੇ ਇਸ ਏਜੰਡੇ ਨੂੰ ਰੱਦ ਕਰ ਦਿੱਤਾ। ਮੈਂ ਪ੍ਰਤਾਪਗੰਜ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ….ਦਿੱਲੀ ਦੇ ਲੋਕਾਂ ਨੇ ਉਹ ਸਰਕਾਰ ਚੁਣੀ, ਜੋ ਉਨ੍ਹਾਂ ਲਈ ਕੰਮ ਕਰਦੀ ਹੈ। ਦਿੱਲੀ ਦੇ ਲੋਕਾਂ ਨੇ ਆਪਣੇ ਫ਼ਤਵੇਂ ਰਾਹੀਂ ਰਾਸ਼ਟਰਵਾਦ ਦਾ ਅਸਲ ਅਰਥ ਤਫ਼ਸੀਲ ’ਚ ਸਮਝਾ ਦਿੱਤਾ ਹੈ।

Radio Mirchi