ਦਿੱਲੀ ’ਚ ਠੰਢ ਦਾ 118 ਸਾਲ ਪੁਰਾਣਾ ਰਿਕਾਰਡ ਟੁੱਟਿਆ

ਦਿੱਲੀ ’ਚ ਠੰਢ ਦਾ 118 ਸਾਲ ਪੁਰਾਣਾ ਰਿਕਾਰਡ ਟੁੱਟਿਆ

ਪੰਜਾਬ ਤੇ ਹਰਿਆਣਾ ਤੇ ਕਈ ਹਿੱਸਿਆਂ ਵਿਚ ਸੰਘਣੀ ਧੁੰਦ ਤੇ ਸਖ਼ਤ ਠੰਢ ਕਾਰਨ ਜਨਜੀਵਨ ਅੱਜ ਵੀ ਪ੍ਰਭਾਵਿਤ ਰਿਹਾ। ਤਾਪਮਾਨ ਆਮ ਨਾਲੋਂ ਪੰਜ ਤੋਂ ਸੱਤ ਡਿਗਰੀ ਹੇਠਾਂ ਰਿਕਾਰਡ ਕੀਤਾ ਗਿਆ। ਦੋਵਾਂ ਸੂਬਿਆਂ ’ਚ ਧੁੰਦ ਕਾਰਨ ਹਵਾਈ, ਰੇਲ ਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਹਰਿਆਣਾ ਦੇ ਹਿਸਾਰ ਦਾ ਘੱਟੋ-ਘੱਟ ਤਾਪਮਾਨ ਅੱਜ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਪੰਜਾਬ ’ਚ ਬਠਿੰਡਾ 2.3 ਡਿਗਰੀ ਸੈਲਸੀਅਸ ਨਾਲ ਅੱਜ ਫਿਰ ਸੂਬੇ ’ਚ ਸਭ ਤੋਂ ਠੰਢਾ ਰਿਹਾ। ਕੌਮੀ ਰਾਜਧਾਨੀ ਦਿੱਲੀ ਸਮੇਤ ਐਨਸੀਆਰ ’ਚ ਵੀ ਠੰਢ ਦਾ ਜ਼ੋਰ ਜਾਰੀ ਹੈ ਤੇ ਸ਼ਨਿਚਰਵਾਰ ਸਵੇਰੇ ਸਫ਼ਦਰਜੰਗ ’ਚ ਤਾਪਮਾਨ 2.4 ਡਿਗਰੀ ਮਾਪਿਆ ਗਿਆ। ਸੰਘਣੀ ਧੁੰਦ ਕਾਰਨ ਸ਼ਨਿਚਰਵਾਰ ਸਵੇਰੇ ਚਾਰ ਉਡਾਣਾਂ ਦਿੱਲੀ ਹਵਾਈ ਅੱਡੇ ਤੋਂ ਮੋੜ ਦਿੱਤੀਆਂ ਗਈਆਂ। ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ ਵਿੱਚ 1901 ਤੋਂ ਬਾਅਦ ਇਹ ਸਭ ਤੋਂ ਠੰਢਾ ਦਸੰਬਰ ਸਾਬਿਤ ਹੋ ਸਕਦਾ ਹੈ। ਧੁੰਦ ਕਾਰਨ 150 ਰੇਲਗੱਡੀਆਂ ਦੇਰੀ ਨਾਲ ਚੱਲੀਆਂ ਤੇ 10 ਦਾ ਸਮਾਂ ਬਦਲਿਆ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਘਰੋਂ ਨਿਕਲਣ ਤੋਂ ਪਹਿਲਾਂ ਏਅਰਲਾਈਨ ਨਾਲ ਗੱਲਬਾਤ ਕਰ ਕੇ ਉਡਾਨ ਬਾਰੇ ਜਾਣਕਾਰੀ ਲੈਣ ਦਾ ਸੁਝਾਅ ਦਿੱਤਾ ਹੈ। ਠੰਢ ਤੇ ਧੁੰਦ ਦਾ ਅਸਰ ਦਿੱਲੀ ’ਚ ਹਵਾ ਦੀ ਗੁਣਵੱਤਾ ਉਪਰ ਵੀ ਪੈ ਰਿਹਾ ਹੈ। ‘ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) ਗੰਭੀਰ ਸ਼੍ਰੇਣੀ ਦੇ ਨੇੜੇ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 4.7 ਡਿਗਰੀ, ਪਟਿਆਲਾ ਦਾ 5.1, ਲੁਧਿਆਣਾ ਦਾ 5.6, ਆਦਮਪੁਰ ਦਾ 7.2 ਤੇ ਪਠਾਨਕੋਟ ਦਾ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿਚ ਨਾਰਨੌਲ ਦਾ ਤਾਪਮਾਨ 0.5, ਰੋਹਤਕ ਦਾ 1.8, ਕਰਨਾਲ ਦਾ 1.5, ਸਿਰਸਾ ਦਾ ਦੋ ਡਿਗਰੀ ਤੇ ਭਿਵਾਨੀ ਦਾ 3.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਦਕਿ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪਹਾੜੀ ਸੂਬੇ ’ਚ ਕਿਲੌਂਗ ਮਨਫ਼ੀ 11.5 ਡਿਗਰੀ ਨਾਲ ਸਭ ਤੋਂ ਵੱਧ ਠੰਢਾ ਰਿਕਾਰਡ ਕੀਤਾ ਗਿਆ ਹੈ। ਡਲਹੌਜ਼ੀ ਦਾ ਘੱਟੋ-ਘੱਟ ਤਾਪਮਾਨ ਅੱਜ 5.1 ਡਿਗਰੀ ਸੈਲਸੀਅਸ ਰਿਹਾ। ਸ੍ਰੀਨਗਰ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਇਸ ਸਰਦ ਰੁੱਤ ਦੀ ਸਭ ਤੋਂ ਠੰਢੀ ਰਿਕਾਰਡ ਕੀਤੀ ਗਈ ਹੈ ਤੇ ਤਾਪਮਾਨ ਮਨਫ਼ੀ 5.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਸ੍ਰੀਨਗਰ ’ਚ ਜਲ ਸਪਲਾਈ ਲਾਈਨ ਜੰਮ ਗਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨ ਪੰਜਾਬ-ਹਰਿਆਣਾ ਵਿਚ ਠੰਢ ਇਸੇ ਤਰ੍ਹਾਂ ਪੈਣ ਦੀ ਸੰਭਾਵਨਾ ਹੈ। ਰਾਜਸਥਾਨ ਦੇ ਸੀਕਰ ਜ਼ਿਲ੍ਹੇ ’ਚ ਫ਼ਤਿਹਪੁਰ ਦਾ ਤਾਪਮਾਨ ਮਨਫ਼ੀ ਚਾਰ ਡਿਗਰੀ ਰਿਕਾਰਡ ਕੀਤਾ ਗਿਆ ਹੈ।

Radio Mirchi