ਦਿੱਲੀ ’ਚ ਪ੍ਰਦੂਸ਼ਣ: ਕੇਂਦਰ ਦੀ ਭੂਮਿਕਾ ’ਤੇ ਕੈਪਟਨ ਵੱਲੋਂ ਸਵਾਲ
ਚੰਡੀਗੜ੍ਹ/ਨਵੀਂ ਦਿੱਲੀ-ਦਿੱਲੀ ਵਿੱਚ ਹਵਾ ਪ੍ਰਦੂਸ਼ਣ ਕਾਰਨ ਪੈਦਾ ਹੋਈ ਸਥਿੱਤੀ ’ਤੇ ਡੂੰਘਾ ਦੁੱਖ ਤੇ ਗੁੱਸਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਵੁਕ ਪੱਤਰ ਲਿਖ ਕੇ ਸਿਆਸੀ ਅਤੇ ਖੇਤਰੀ ਵਖਰੇਵਿਆਂ ਤੋਂ ਉਪਰ ਉਠ ਕੇ ਸਾਂਝੀ ਸਹਿਮਤੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਹਰਿਆਣਾ ਆਪਣੇ ਪੱਧਰ ’ਤੇ ਜੋ ਕੁਝ ਕਰ ਸਕਦੇ ਹਨ, ਉਹ ਕਰ ਰਹੇ ਹਨ ਪਰ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਸ਼ੱਕੀ ਹੈ, ਭਾਵੇਂ ਕਿ ਕੌਮੀ ਖੁਸ਼ਹਾਲੀ ਵਿੱਚ ਸਭ ਤੋਂ ਵੱਡੀ ਭਾਈਵਾਲ ਵੀ ਕੇਂਦਰ ਸਰਕਾਰ ਹੀ ਹੈ। ਮੁੱਖ ਮੰਤਰੀ ਨੇ ਕਿਹਾ ‘ਭਾਵੇਂ ਦੇਸ਼ ਦੇ ਲੋਕਾਂ ਵਿੱਚ ਕੋਈ ਵੀ ਵਿਸ਼ਵਾਸ ਬਣਿਆ ਹੋਵੇ ਪਰ ਕੋਈ ਵੀ ਭਾਰਤੀ ਖਾਸ ਤੌਰ ’ਤੇ ਪੰਜਾਬੀ ਕੌਮੀ ਰਾਜਧਾਨੀ ਵਿੱਚ ਸਾਡੇ ਭਰਾਵਾਂ ਨਾਲ ਵਾਪਰ ਰਹੀ ਤਰਾਸਦੀ ਤੋਂ ਬਾਹਰ ਨਹੀਂ ਹਨ।’ ਮੁੱਖ ਮੰਤਰੀ ਨੇ ਆਪਣੇ ਬੱਚੇ ਅਤੇ ਪੋਤੇ-ਪੋਤੀਆਂ ਦੇ ਦਿੱਲੀ ਵਿੱਚ ਰਹਿੰਦੇ ਹੋਣ ਦਾ ਵੀ ਜ਼ਿਕਰ ਕੀਤਾ ਜੋ ਸ਼ਹਿਰ ਦੀ ਜ਼ਹਿਰੀਲੀ ਹਵਾ ਕਾਰਨ ਕੌਮੀ ਰਾਜਧਾਨੀ ਵਿੱਚ ਲੱਖਾਂ ਲੋਕਾਂ ਦੀ ਦੁਰਦਰਸ਼ਾ ਨੂੰ ਬਿਆਨਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੇ ਪ੍ਰਗਤੀਸ਼ੀਲ ਅਤੇ ਵਿਕਸਤ ਮੁਲਕ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਤੋਂ ਪਰਦਾ ਚੁੱਕ ਦਿੱਤਾ ਹੈ।
ਉਨ੍ਹਾਂ ਕਿਹਾ ‘ਉਸ ਮੁਲਕ ਨੂੰ ਵਿਕਸਤ ਕਿਵੇਂ ਕਿਹਾ ਜਾ ਸਕਦਾ ਹੈ ਜਦੋਂ ਉਸ ਦੀ ਰਾਜਧਾਨੀ ਨੂੰ ਗੈਸ ਚੈਂਬਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੋਵੇ, ਉਹ ਵੀ ਜਦੋਂ ਅਜਿਹੇ ਹਾਲਾਤ ਕੁਦਰਤ ਆਫ਼ਤ ਕਰਕੇ ਨਹੀਂ ਸਗੋਂ ਮਨੁੱਖੀ ਗਲਤੀ ਨਾਲ ਪੈਦਾ ਹੋਏ ਹੋਣ।’ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਦੁਖਦਾਇਕ ਸਥਿਤੀ ਵਿੱਚ ਪੰਜਾਬ ਦੀ ਜ਼ਿੰਮੇਵਾਰੀ ਤੋਂ ਹੱਥ ਧੋਣ ਦਾ ਕੋਈ ਇਰਾਦਾ ਨਹੀਂ ਹੈ ਪਰ ਦਿੱਲੀ ਅਤੇ ਕੇਂਦਰ ਸਰਕਾਰ ਸਮੇਤ ਸਮੁੱਚੇ ਮੁਲਕ ਨੇ ਵੱਖ-ਵੱਖ ਗਲਤੀਆਂ ਨਾਲ ਅਜਿਹੇ ਭਿਆਨਕ ਹਾਲਾਤ ਪੈਦਾ ਹੋਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਮੰਨਿਆ ਕਿ ਪਰਾਲੀ ਦੀ ਅੱਗ ਗਲਤ ਦਿਸ਼ਾ ਵਿੱਚ ਵਗਣ ਵਾਲੀਆਂ ਹਵਾਵਾਂ ਕਾਰਨ ਹਵਾ ਪ੍ਰਦੂਸ਼ਣ ਦੇ ਜ਼ਹਿਰੀਲਾ ਹੋਣ ਦਾ ਇਕ ਕਾਰਨ ਬਣੀ ਹੈ, ਜਿਸ ਨਾਲ ਅੱਜ ਦਿੱਲੀ ਵਿੱਚ ਅਜਿਹੀ ਸਥਿਤੀ ਪੈਦਾ ਹੋਈ ਹੈ ਪਰ ਇਸ ਦੇ ਨਾਲ ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵੱਖ-ਵੱਖ ਆਜ਼ਾਦ ਏਜੰਸੀਆਂ ਦੇ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮੌਜੂਦਾ ਸਥਿਤੀ ਲਈ ਵੱਡੀ ਪੱਧਰ ’ਤੇ ਸਨਅਤੀ ਪ੍ਰਦੂਸ਼ਣ, ਟ੍ਰੈਫਿਕ ਅਤੇ ਦਿੱਲੀ ਵਿੱਚ ਚੱਲ ਰਹੀਆਂ ਨਿਰਮਾਣ ਗਤੀਵਿਧੀਆਂ ਵੀ ਬਰਾਬਰ ਦੀਆਂ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਕੌੜੀ ਸਚਾਈ ਇਹ ਹੈ ਕਿ ਅਸੀਂ ਸੌਖਿਆ ਹੀ ਇਸ ਸਭ ਦੀ ਜ਼ਿੰਮੇਵਾਰੀ ਇਕ-ਦੂਜੇ ਦੇ ਮੋਢਿਆਂ ’ਤੇ ਪਾ ਦਿੰਦੇ ਹਾਂ ਜਦਕਿ ਦਿੱਲੀ ਦੇ ਲੋਕ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਅਤੇ ਮੁਲਕ ਤੇ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਭੈੜੇ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਹਨ।