ਦਿੱੱਲੀ ਚੋਣਾਂ: ਕੇਜਰੀਵਾਲ ਨੇ ਲਗਾਈ ਵਾਅਦਿਆਂ ਦੀ ਝੜੀ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ 2020 ਦੇ ਮੱਦੇਨਜ਼ਰ ਇਸ ਵਾਰ 10 ਨੁਕਾਤੀ ਗਾਰੰਟੀ ਕਾਰਡ ਜਾਰੀ ਕਰ ਕੇ ਮੁਫ਼ਤ ਸਹੂਲਤਾਂ ਰਾਹੀਂ ਵੋਟਰਾਂ ਨੂੰ ਭਰਮਾਉਣ ਦਾ ਯਤਨ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ‘ਚੋਣ ਮਨੋਰਥ ਪੱਤਰ’ ਵੀ ਜਾਰੀ ਕੀਤਾ ਜਾਵੇਗਾ ਜਿਸ ’ਚ ਪੂਰੇ ਵੇਰਵੇ ਹੋਣਗੇ।
ਇਹ ਕਾਰਡ ਮੁਫ਼ਤ ਬਿਜਲੀ, ਟੂਟੀ ਰਾਹੀਂ 24 ਘੰਟੇ ਪੀਣ ਵਾਲੇ ਪਾਣੀ ਤੇ ਹਰ ਬੱਚੇ ਨੂੰ ਵਿਸ਼ਵ ਪੱਧਰੀ ਸਿੱਖਿਆ ਗਾਰੰਟੀ ਦਿੰਦਾ ਹੈ। ਇਸਦੇ ਨਾਲ ਹੀ ਸ੍ਰੀ ਕੇਜਰੀਵਾਲ ਨੇ ਇੱਕ ਸਾਫ਼-ਸੁਥਰੇ ਵਾਤਾਵਰਨ, ਜਿਸ ਵਿੱਚ ਸਾਫ਼ ਯਮੁਨਾ ਤੇ ਝੁੱਗੀ ਝੌਂਪੜੀ ਵਾਲਿਆਂ ਨੂੰ ਰਿਹਾਇਸ਼ ਦੇਣ ਦਾ ਵਾਅਦਾ ਕੀਤਾ ਹੈ। ਵਿਦਿਆਰਥੀਆਂ ਨੂੰ ਮੁਫ਼ਤ ਬੱਸ ਯਾਤਰਾ ਮਿਲੇਗੀ, ਇਸ ਵੇਲੇ ਬੱਸ ਵਿੱਚ ਸਿਰਫ਼ ਔਰਤਾਂ ਹੀ ਮੁਫ਼ਤ ’ਚ ਯਾਤਰਾ ਕਰ ਸਕਦੀਆਂ ਹਨ। ਬੱਸਾਂ ਵਾਂਗ ਹਰ ਖੇਤਰ ’ਚ ਮਾਰਸ਼ਲ ਹੋਣਗੇ, ਇਨ੍ਹਾਂ ਨੂੰ ‘ਮੁਹੱਲਾ ਮਾਰਸ਼ਲ’ ਕਿਹਾ ਜਾਵੇਗਾ, ਪ੍ਰਦੂਸ਼ਣ ਨੂੰ ਘਟਾਉਣ ਲਈ ਦਿੱਲੀ ’ਚ 2 ਕਰੋੜ ਤੋਂ ਵੱਧ ਰੁੱਖ ਲਗਾਏ ਜਾਣਗੇ। ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ’ਚ ਦੱਸਿਆ ਕਿ ਇਹ ਸਾਡਾ ਚੋਣ ਮਨੋਰਥ ਪੱਤਰ ਨਹੀਂ ਹੈ। ਇਹ ਇਸ ਤੋਂ ਦੋ ਕਦਮ ਅੱਗੇ ਹੈ। ਇਹ ਉਹ ਮੁੱਦੇ ਹਨ ਜੋ ਦਿੱਲੀ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਯਮੁਨਾ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਗਲੇ 5 ਸਾਲਾਂ ’ਚ ਇਸ ਦੀ ਸਫ਼ਾਈ ਕਰ ਦਿੱਤੀ ਜਾਵੇਗੀ।
ਬਿਜਲੀ ਬਾਰੇ ਬੋਲਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਅਗਲੇ 5 ਸਾਲਾਂ ਤੱਕ 200 ਯੂਨਿਟ ਮੁਫਤ ਬਿਜਲੀ ਮਿਲਦੀ ਰਹੇਗੀ। ਤਾਰਾਂ ਤੋਂ ਛੁਟਕਾਰਾ ਪਾਉਣ ਤੇ 24 ਘੰਟੇ ਬਿਜਲੀ ਦੇਣ ਦਾ ਵੀ ਵਾਅਦਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ 20 ਹਜ਼ਾਰ ਲੀਟਰ ਮੁਫ਼ਤ ਪਾਣੀ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਿ 5 ਸਾਲਾਂ ਵਿੱਚ ਹਰ ਘਰ ਨੂੰ ਟੈਂਕੀ ਤੋਂ ਸ਼ੁੱਧ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਸਿੱਖਿਆ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਵੇਗੀ। ਕੱਚੀ ਕਲੋਨੀ ਦੇ ਵਸਨੀਕਾਂ ਨੂੰ ਸੱਤ ਚੀਜ਼ਾਂ ਦੇਣ ਦਾ ਵਾਅਦਾ ਕੀਤਾ ਗਿਆ, ਜਿਸ ਤਹਿਤ ਕੱਚੀ ਕਲੋਨੀ ’ਚ ਸੜਕ, ਨਾਲੇ, ਗਲੀ, ਪਾਣੀ, ਸੀਵਰੇਜ, ਮੁਹੱਲਾ ਕਲੀਨਿਕ ਤੇ ਸੀਸੀਟੀਵੀ ਕੈਮਰੇ ਦੀ ਗਾਰੰਟੀ ਦਿੱਤੀ ਗਈ। ਨਵੇਂ ਮੁਹੱਲਾ ਕਲੀਨਿਕ ਤੇ ਹਸਪਤਾਲ ਖੋਲ੍ਹਣ ਦਾ ਵਾਅਦਾ ਵੀ ਕੀਤਾ ਗਿਆ।