ਦੁਬਈ ’ਚ ਫਸੇ ਅੱਠ ਨੌਜਵਾਨ ਭਾਰਤ ਪੁੱਜੇ
ਦੁਬਈ ਵਿੱਚ ਫਸੇ ਅੱਠ ਭਾਰਤੀ ਨੌਜਵਾਨ ਅੱਜ ਸਮਾਜ ਸੇਵੀ ਸੰਸਥਾ ‘ਸਰਬੱਤ ਦਾ ਭਲਾ’ ਦੇ ਉਪਰਾਲਿਆਂ ਸਦਕਾ ਸਹੀ-ਸਲਾਮਤ ਆਪਣੇ ਵਤਨ ਪਰਤ ਆਏ ਹਨ। ਸੰਸਥਾ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਦੁਬਈ ਤੋਂ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਅੱਜ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ। ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਗਏ ਨੌਜਵਾਨ ਕੰਪਨੀ ਦੀ ਧੋਖਾਧੜੀ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਦੀ ਇਕ ਕੰਪਨੀ ਨੇ ਸਕਿਉਰਿਟੀ ਦੇ ਕੰਮ ਲਈ ਸੱਦਿਆ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਮਾਲਕ ਆਪਣੀ ਕੰਪਨੀ ਬੰਦ ਕਰ ਕੇ ਭੱਜ ਗਿਆ, ਜਿਸ ਕਾਰਨ ਛੇ ਮਹੀਨਿਆਂ ਦੇ ਕੰਮ ਦੀ ਤਨਖ਼ਾਹ ਵੀ ਨਹੀਂ ਦਿੱਤੀ ਗਈ। ਇਸ ਕਾਰਨ ਨਾ ਇਨ੍ਹਾਂ ਦੇ ਸਿਰ ’ਤੇ ਛੱਤ ਬਚੀ ਸੀ ਅਤੇ ਨਾ ਹੀ ਢਿੱਡ ਭਰਨ ਲਈ ਪੈਸੇ ਸਨ।
ਸ੍ਰੀ ਓਬਰਾਏ ਨੇ ਦੱਸਿਆ ਕਿ ਦੁਬਈ ਤੋਂ ਉਨ੍ਹਾਂ ਨਾਲ ਵਾਪਸ ਪਰਤੇ ਨੌਜਵਾਨਾਂ ਵਿੱਚ ਇੱਕ ਅੰਮ੍ਰਿਤਸਰ, ਇੱਕ ਮੁਕੇਰੀਆਂ, ਇੱਕ ਰੂਪਨਗਰ, ਇੱਕ ਦਿੱਲੀ, ਇੱਕ ਕਰਨਾਲ ਅਤੇ 3 ਕੁਰੂਕਸ਼ੇਤਰ ਨਾਲ ਸਬੰਧਤ ਹਨ। ਹਾਲੇ ਵੀ 29 ਨੌਜਵਾਨ ਦੁਬਈ ਵਿੱਚ ਫਸੇ ਹੋਏ ਹਨ, ਜਿਨ੍ਹਾਂ ਵਿੱਚ ਪੰਜਾਬ ਦੇ 18, ਹਰਿਆਣਾ ਦੇ ਸੱਤ, ਹਿਮਾਚਲ ਦੇ ਤਿੰੰਨ ਅਤੇ ਦਿੱਲੀ ਦਾ ਇਕ ਨੌਜਵਾਨ ਸ਼ਾਮਲ ਹੈ। ਇਨ੍ਹਾਂ ਨੌਜਵਾਨਾਂ ਨੂੰ ਵੀ ਜਲਦੀ ਹੀ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੁਲ 18 ਨੌਜਵਾਨਾਂ ’ਚੋਂ 13 ਨੌਜਵਾਨ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਡਾ. ਓਬਰਾਏ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨਾਲ ਤਾਲਮੇਲ ਕਰਕੇ ਆਪ-ਬੀਤੀ ਸੁਣਾਈ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤ ਨੌਜਵਾਨਾਂ ਨੂੰ ਆਪਣੇ ਖ਼ਰਚੇ ’ਤੇ ਵਾਪਸ ਭਾਰਤ ਲੈ ਕੇ ਆਉਣ ਦਾ ਫ਼ੈਸਲਾ ਲਿਆ। ਦੁਬਈ ਤੋਂ ਪਰਤੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਟਰੈਵਲ ਏਜੰਟਾਂ ਨੇ ਵਿਦੇਸ਼ ਭੇਜਣ ਦੇ ਸੁਫ਼ਨੇ ਦਿਖਾ ਕੇ ਉਨ੍ਹਾਂ ਕੋਲੋਂ 3 ਤੋਂ 4 ਲੱਖ ਰੁਪਏ ਲੈ ਕੇ ਦੁਬਈ ਭੇਜ ਦਿੱਤਾ ਸੀ ਪ੍ਰੰਤੂ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਠੱਗੇ ਜਾਣ ਦਾ ਪਤਾ ਲੱਗਿਆ। ਉਨ੍ਹਾਂ ਤੋਂ 14 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਤੇ ਕਦੇ ਵੀ ਸਮੇਂ ਸਿਰ ਤਨਖ਼ਾਹ ਨਹੀਂ ਦਿੱਤੀ ਗਈ। ਹੁਣ ਪਿਛਲੇ ਛੇ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖ਼ਾਹ ਦੇ ਰੂਪ ਵਿੱਚ ਇਕ ਧੇਲਾ ਵੀ ਨਹੀਂ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਕਦੇ ਗੁਰਦੁਆਰੇ ਅਤੇ ਕਦੇ ਕੜਾਕੇ ਦੀ ਠੰਢ ਵਿੱਚ ਸੜਕਾਂ ਕਿਨਾਰੇ ਅਤੇ ਪੁਲਾਂ ਥੱਲੇ ਰਾਤਾਂ ਗੁਜ਼ਾਰਨੀਆਂ ਪਈਆਂ ਹਨ।