ਦੁਵੱਲੇ ਵਿਕਾਸ ’ਤੇ ਰਹੇਗਾ ਜ਼ੋਰ
ਨਵੀਂ ਦਿੱਲੀ/ਪੇਈਚਿੰਗ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ 11 ਅਤੇ 12 ਅਕਤੂਬਰ ਨੂੰ ਤਾਮਿਲ ਨਾਡੂ ਦੇ ਸਾਹਿਲੀ ਕਸਬੇ ਮਮੱਲਾਪੁਰਮ ’ਚ ਦੂਜੀ ਗ਼ੈਰ-ਰਸਮੀ ਸਿਖਰ ਵਾਰਤਾ ਹੋਵੇਗੀ। ਵਾਰਤਾ ਦੌਰਾਨ ਦੁੱਵਲੇ ਵਿਕਾਸ ਦੇ ਨਵੇਂ ਰਸਤਿਆਂ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ਕਸ਼ਮੀਰ ਦੇ ਮੁੱਦੇ ’ਤੇ ਪਾਕਿਸਤਾਨ ਕਾਰਨ ਭਾਰਤ ਅਤੇ ਚੀਨ ਦੇ ਰਿਸ਼ਤਿਆਂ ’ਚ ਥੋੜਾ ਤਣਾਅ ਪੈਦਾ ਹੋਇਆ ਹੈ। ਸ਼ੀ ਦੇ ਚੇਨਈ ’ਚ ਪੁੱਜਣ ਤੋਂ ਦੋ ਦਿਨ ਪਹਿਲਾਂ ਸਰਕਾਰੀ ਸੂਤਰਾਂ ਨੇ ਨਵੀਂ ਦਿੱਲੀ ’ਚ ਕਿਹਾ ਕਿ ਕਸ਼ਮੀਰ ਮਸਲੇ ’ਤੇ ਵਿਚਾਰ ਵਟਾਂਦਰਾ ਹੋਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਹੈ ਕਿਉਂਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਪਰ ਜੇਕਰ ਚੀਨੀ ਰਾਸ਼ਟਰਪਤੀ ਨੇ ਇਸ ਬਾਬਤ ਕੋਈ ਸਵਾਲ ਕੀਤਾ ਤਾਂ ਸ੍ਰੀ ਮੋਦੀ ਉਨ੍ਹਾਂ ਦੇ ਖ਼ਦਸ਼ਿਆਂ ਨੂੰ ਜ਼ਰੂਰ ਦੂਰ ਕਰਨਗੇ।
ਜ਼ਿਕਰਯੋਗ ਹੈ ਕਿ ਚੀਨ ਦੇ ਅਮਰੀਕਾ ਨਾਲ ਕਾਰੋਬਾਰੀ ਸਬੰਧਾਂ ’ਚ ਪੈਦਾ ਹੋਏ ਤਣਾਅ ਵਿਚਕਾਰ ਇਹ ਸਿਖਰ ਵਾਰਤਾ ਹੋ ਰਹੀ ਹੈ। ਮੋਦੀ ਅਤੇ ਸ਼ੀ ਵੱਲੋਂ ਵਪਾਰ ਤੇ ਕਾਰੋਬਾਰੀ ਰਿਸ਼ਤਿਆਂ ਨੂੰ ਵਧਾਉਣ ਦੇ ਰਸਤਿਆਂ ਬਾਰੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਵੱਲੋਂ ਚੀਨ ਦੇ ਪੱਖ ’ਚ ਵੱਧ ਰਹੇ ਵਪਰਾਕ ਘਾਟੇ ਦੇ ਮਸਲੇ ਨੂੰ ਉਠਾਏ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਵਾਰਤਾ ਦੌਰਾਨ ਸਿਆਸੀ ਸਬੰਧ, ਵਪਾਰ ਅਤੇ ਕਰੀਬ 3500 ਕਿਲੋਮੀਟਰ ਲੰਬੀ ਭਾਰਤ-ਚੀਨ ਸਰਹੱਦ ’ਤੇ ਸ਼ਾਂਤੀ ਬਣਾਈ ਰੱਖਣ ਦੇ ਰਾਹ ਲੱਭਣ ਜਿਹੇ ਮੁੱਖ ਮੁੱਦੇ ਹੋਣਗੇ। ਰਣਨੀਤਕ ਮਾਮਲਿਆਂ ਬਾਰੇ ਮਾਹਿਰ ਅਸ਼ੋਕ ਕਾਂਥਾ ਨੇ ਕਿਹਾ ਕਿ ਮੋਦੀ ਅਤੇ ਸ਼ੀ ਵਿਚਕਾਰ ਸਿਖਰ ਵਾਰਤਾ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ ਖ਼ਿੱਤੇ ’ਚ ਤਾਕਤ ਲਈ ਜ਼ੋਰ ਅਜ਼ਮਾਈ ਹੋ ਰਹੀ ਹੈ। ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਦੋਵੇਂ ਆਗੂ ਗੁੰਝਲਦਾਰ ਸਬੰਧਾਂ ਦੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਰਿਸ਼ਤੇ ਦੁਵੱਲੇ ਸਬੰਧਾਂ ਤਕ ਹੀ ਸੀਮਤ ਨਹੀਂ ਹਨ ਸਗੋਂ ਇਨ੍ਹਾਂ ਦਾ ਖੇਤਰੀ ਅਤੇ ਆਲਮੀ ਪੱਧਰ ’ਤੇ ਵੀ ਅਸਰ ਪਵੇਗਾ। ਦੋਵੇਂ ਆਗੂਆਂ ਵਿਚਕਾਰ ਪਹਿਲੀ ਸਿਖਰ ਵਾਰਤਾ ਚੀਨੀ ਸ਼ਹਿਰ ਵੁਹਾਨ ’ਚ ਪਿਛਲੇ ਸਾਲ ਉਸ ਸਮੇਂ ਹੋਈ ਸੀ ਜਦੋਂ ਡੋਕਲਾਮ ’ਚ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਆ ਗਈਆਂ ਸਨ ਅਤੇ 73 ਦਿਨਾਂ ਤਕ ਤਣਾਅ ਬਣਿਆ ਰਿਹਾ ਸੀ।