ਦੁਵੱਲੇ ਸਬੰਧ ਮਜ਼ਬੂਤ ਕਰਨ ਬਾਰੇ ਵਿਚਾਰਾਂ ਕੀਤੀਆਂ: ਦਿਓਬਾ

ਦੁਵੱਲੇ ਸਬੰਧ ਮਜ਼ਬੂਤ ਕਰਨ ਬਾਰੇ ਵਿਚਾਰਾਂ ਕੀਤੀਆਂ: ਦਿਓਬਾ

ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨੇ ਉਨ੍ਹਾਂ ਨੂੰ ਵਧਾਈ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਆਪਣੇ ਭਾਰਤੀ ਹਮਰੁਤਬਾ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਦੋਵਾਂ ਗੁਆਂਢੀ ਮੁਲਕਾਂ ਦੇ ਸਬੰਧ ਹੋਰ ਮਜ਼ਬੂਤ ਕਰਨ ’ਤੇ ਵਿਚਾਰ ਚਰਚਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲੀ ਸੰਸਦ ਦੇ ਹੇਠਲੇ ਸਦਨ ’ਚ ਭਰੋਸੇ ਦੀ ਵੋਟ ਹਾਸਲ ਕਰਨ ’ਤੇ ਲੰਘੀ ਰਾਤ ਦਿਓਬਾ ਨੂੰ ਵਧਾਈ ਦਿੱਤੀ ਸੀ। ਮੋਦੀ ਨੇ ਅੱਜ ਆਪਣੇ ਨੇਪਾਲੀ ਹਮਰੁਤਬਾ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਆਗੂ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਸਮੇਤ ਹੋਰ ਮੁੱਦਿਆਂ ’ਤੇ ਸਹਿਯੋਗ ਵਧਾਉਣ ਲਈ ਮਿਲ ਕੇ ਕੰਮ ਕਰਨਗੇ। ਦਿਓਬਾ ਨੇ ਟਵੀਟ ਕੀਤਾ, ‘ਮੇਰੀ ਅੱਜ ਦੁਪਹਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਦੋਸਤਾਨਾ ਗੱਲਬਾਤ ਹੋਈ। ਅਸੀਂ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ’ਤੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਨੂੰ ਕੋਵਿਡ-19 ਟੀਕੇ ਜਲਦੀ ਮੁਹੱਈਆ ਕਰਨ ਦਾ ਭਰੋਸਾ ਦਿੱਤਾ ਹੈ। ਮੈਨੂੰ ਵਧਾਈ ਦੇਣ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।’ ਇਸ ਤੋਂ ਪਹਿਲਾਂ ਮੋਦੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਕੋਵਿਡ-19 ਖ਼ਿਲਾਫ਼ ਲੜਾਈ ਸਮੇਤ ਭਾਰਤ ਤੇ ਨੇਪਾਲ ਵਿਚਾਲੇ ਵੱਖ ਵੱਖ ਵਿਸ਼ਿਆਂ ’ਤੇ ਸਹਿਯੋਗ ਹੋਰ ਅੱਗੇ ਵਧਾਉਣ ਲਈ ਅਸੀਂ ਮਿਲ ਕੇ ਕੰਮ ਕਰਾਂਗੇ।’ 

Radio Mirchi