ਦੁਸ਼ਮਣ ਨੇ ਸਾਡੀ ਬਹਾਦਰੀ ਦੇਖੀ: ਮੋਦੀ

ਦੁਸ਼ਮਣ ਨੇ ਸਾਡੀ ਬਹਾਦਰੀ ਦੇਖੀ: ਮੋਦੀ

ਚੀਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਸਾਰਵਾਦ ਦਾ ਯੁੱਗ ਖ਼ਤਮ ਹੋ ਚੁੱਕਾ ਹੈ ਅਤੇ ਦੁਸ਼ਮਣਾਂ ਨੇ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਦੇਖ ਲਿਆ ਹੈ। ਉਨ੍ਹਾਂ ਕਿਸੇ ਮੁਲਕ ਦਾ ਨਾਮ ਲਏ ਬਿਨਾਂ ਕਿਹਾ ਕਿ ਹੁਣ ਵਿਕਾਸ ਦਾ ਯੁੱਗ ਹੈ। ਚੀਨ ਨਾਲ ਸਰਹੱਦੀ ਵਿਵਾਦ ਦਰਮਿਆਨ ਸ੍ਰੀ ਮੋਦੀ ਅੱਜ ਅਚਾਨਕ ਹੀ ਲੱਦਾਖ ਪਹੁੰਚ ਗਏ ਜਿਥੇ ਉਨ੍ਹਾਂ ਭਾਰਤੀ ਫ਼ੌਜ ਵੱਲੋਂ ਕੀਤੀ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ। ਥਲ ਸੈਨਾ, ਹਵਾਈ ਸੈਨਾ ਅਤੇ ਆਈਟੀਬੀਪੀ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਗਲਵਾਨ ਘਾਟੀ ’ਚ ਝੜਪ ਦੌਰਾਨ ਸ਼ਹੀਦ ਹੋਏ 20 ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ ਕਿ ਹਥਿਆਰਬੰਦ ਬਲਾਂ ਵੱਲੋਂ ਦਿਖਾਈ ਬਹਾਦਰੀ ਦੇ ਕਿੱਸੇ ਮੁਲਕ ਦੇ ਹਰੇਕ ਕੋਨੇ ’ਚ ਗੂੰਜ ਰਹੇ ਹਨ। ਉਨ੍ਹਾਂ ਕਿਹਾ ਕਿ ਕਮਜ਼ੋਰ ਕਦੇ ਵੀ ਸ਼ਾਂਤੀ ਦੀ ਪਹਿਲ ਨਹੀਂ ਕਰ ਸਕਦਾ ਹੈ ਅਤੇ ਬਹਾਦਰੀ ਹੀ ਸ਼ਾਂਤੀ ਦੀ ਪਹਿਲੀ ਸ਼ਰਤ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਜਵਾਨਾਂ ਦੀ ਬਹਾਦਰੀ ਦੀ ਮਿਸਾਲ ਦਾ ਨੋਟਿਸ ਲਿਆ ਹੈ ਅਤੇ ਇਤਿਹਾਸ ਗਵਾਹ ਹੈ ਕਿ ਪਸਾਰਵਾਦੀਆਂ ਦਾ ਜਾਂ ਤਾਂ ਨਾਮੋ-ਨਿਸ਼ਾਨ ਮਿਟ ਗਿਆ ਜਾਂ ਉਨ੍ਹਾਂ ਨੂੰ ਮੁੜਨਾ ਪਿਆ। ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਤੁਹਾਡਾ ਹੌਸਲਾ ਇਥੋਂ ਦੀਆਂ ਚੋਟੀਆਂ ਨਾਲੋਂ ਵੀ ਬਹੁਤ ਉੱਚਾ ਹੈ। ਜਦੋਂ ਮੁਲਕ ਦੀ ਸੁਰੱਖਿਆ ਤੁਹਾਡੇ ਹੱਥਾਂ ’ਚ ਹੈ ਤਾਂ ਮੈਨੂੰ ਹੀ ਨਹੀਂ ਪੂਰੇ ਮੁਲਕ ਨੂੰ ਤੁਹਾਡੇ ’ਤੇ ਨਾਜ਼ ਹੈ।’’ ਉਨਾਂ ਕਿਹਾ ਕਿ ਮੁਲਕ ’ਚ ‘ਬੰਸਰੀ ਵਾਲੇ ਭਗਵਾਨ ਕ੍ਰਿਸ਼ਨ’ ਦੀ ਪੂਜਾ ਕੀਤੀ ਜਾਂਦੀ ਹੈ ਪਰ ਜਦੋਂ ਸੁਰੱਖਿਆ ਦੀ ਗੱਲ ਆਵੇ ਤਾਂ ਲੋਕ ‘ਸੁਦਰਸ਼ਨ ਚੱਕਰ ਧਾਰੀ ਕ੍ਰਿਸ਼ਨ’ ਨੂੰ ਆਪਣਾ ਆਦਰਸ਼ ਮੰਨਦੇ ਹਨ। ਇਸ ਮੌਕੇ ਉਨ੍ਹਾਂ ਨਾਲ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ ਵੀ ਹਾਜ਼ਰ ਸਨ। ਸ੍ਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਸ਼ਾਂਤੀ, ਦੋਸਤੀ ਅਤੇ ਹੌਸਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਤਰੱਕੀ ਦੇ ਮਾਹੌਲ ਨੂੰ ਵਿਗਾੜਨ ਵਾਲੀਆਂ ਤਾਕਤਾਂ ਨੂੰ ਭਾਰਤ ਨੇ ਹਮੇਸ਼ਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਅਗਾਊਂ ਚੌਕੀ ਨਿਮੂ ਦਾ ਦੌਰਾ ਵੀ ਕੀਤਾ ਜਿਥੇ ਉਨ੍ਹਾਂ ਫੌਜ ਦੇ ਜਵਾਨਾਂ ਨਾਲ ਗੱਲਬਾਤ ਵੀ ਕੀਤੀ। ਇਹ ਇਲਾਕਾ ਜ਼ਾਂਸਕਰ ਰੇਂਜ ’ਚ ਸਿੰਧ ਦਰਿਆ ਦੇ ਕੰਢੇ ’ਤੇ ਪੈਂਦਾ ਹੈ।

Radio Mirchi