ਦੂਜੇ ਵਿੱਤੀ ਰਾਹਤ ਪੈਕੇਜ ਦਾ ਐਲਾਨ ਛੇਤੀ

ਦੂਜੇ ਵਿੱਤੀ ਰਾਹਤ ਪੈਕੇਜ ਦਾ ਐਲਾਨ ਛੇਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਸਣੇ ਕਈ ਅਹਿਮ ਮੰਤਰੀਆਂ ਅਤੇ ਆਰਥਿਕ ਮੰਤਰਾਲਿਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਲਾਏ ਗਏ ਲੌਕਡਾਊਨ ਕਾਰਨ ਪ੍ਰਭਾਵਿਤ ਹੋ ਰਹੇ ਸੈਕਟਰਾਂ ਲਈ ਦੂਜੇ ਵਿੱਤੀ ਰਾਹਤ ਪੈਕੇਜ ਬਾਰੇ ਚਰਚਾ ਕੀਤੀ।
ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਸ਼ਾਹ ਅਤੇ ਸੀਤਾਰਾਮਨ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਉਹ ਇਸ ਤੋਂ ਬਾਅਦ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਆਦਿ ਜਿਹੇ ਅਹਿਮ ਆਰਥਿਕ ਮੰਤਰਾਲਿਆਂ ਦੇ ਮੰਤਰੀਆਂ ਨਾਲ ਮੀਟਿੰਗਾਂ ਕਰਨਗੇ। ਵਿੱਤ ਮੰਤਰਾਲੇ ਵਲੋਂ ਸ਼ਨਿੱਚਰਵਾਰ ਨੂੰ ਹੀ ਬਾਅਦ ਵਿੱਚ ਪ੍ਰਧਾਨ ਮੰਤਰੀ ਨਾਲ ਆਰਥਿਕਤਾ ਦੀ ਸਥਿਤੀ ਅਤੇ ਭਾਰਤੀ ਆਰਥਿਕਤਾ ਨੂੰ ਸੰਭਾਲਣ ਲਈ ਮੰਤਰਾਲੇ ਵਲੋਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਵਿੱਚ ਪ੍ਰਸਤੁਤੀ ਦਿੱਤੀ ਜਾਵੇਗੀ। ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜੀਐੱਸਟੀ ਇਕੱਠਾ ਹੋਣ ਸਬੰਧੀ ਮਾਸਿਕ ਅੰਕੜੇ ਜਾਰੀ ਕਰਨ ਦੀ ਕਾਰਵਾਈ ਟਾਲ ਦਿੱਤੀ ਸੀ। ਪ੍ਰਧਾਨ ਮੰਤਰੀ ਵਲੋਂ ਸ਼ੁੱਕਰਵਾਰ ਨੂੰ ਸ਼ਹਿਰੀ ਹਵਾਬਾਜ਼ੀ, ਲੇਬਰ ਅਤੇ ਬਿਜਲੀ ਆਦਿ ਮੰਤਰਾਲਿਆਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਵੀਰਵਾਰ ਨੂੰ ਵਣਜ ਅਤੇ ਐੱਮਐੱਸਐੱਮਈ ਮੰਤਰਾਲਿਆਂ ਨਾਲ ਵਿਸਥਾਰ ਵਿੱਚ ਮੀਟਿੰਗਾਂ ਕੀਤੀਆਂ, ਜੋ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਉਤਸ਼ਾਹਿਤ ਕਰਨ ਅਤੇ ਦੇਸ਼ ਵਿੱਚ ਲਘੂ ਵਪਾਰਾਂ ਨੂੰ ਨਵਿਆਉਣ ’ਤੇ ਕੇਂਦਰਿਤ ਸਨ ਤਾਂ ਜੋ ਅਰਥਚਾਰੇ ਨੂੰ ਛੇਤੀ ਲੀਹ ’ਤੇ ਲਿਆਂਦਾ ਜਾ ਸਕੇ। ਇਨ੍ਹਾਂ ਬੈਠਕਾਂ ਦੌਰਾਨ ਮੋਦੀ ਨਾਲ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਦੋਵੇਂ ਮੌਜੂਦ ਸਨ। ਸਰਕਾਰ ’ਤੇ ਹਾਸ਼ੀਏ ’ਤੇ ਬੈਠੇ ਲੋਕਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਮਾਰਚ ਦੇ ਅਖੀਰ ਵਿੱਚ 1.7 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ, ਜਿਸ ਵਿੱਚ ਗਰੀਬਾਂ ਨੂੰ ਮੁਫ਼ਤ ਅਨਾਜ ਅਤੇ ਕੁਕਿੰਗ ਗੈਸ ਸਣੇ ਗਰੀਬ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਨਕਦੀ ਦੇਣਾ ਵੀ ਸ਼ਾਮਲ ਸੀ। ਸੂਤਰਾਂ ਅਨੁਸਾਰ ਸਰਕਾਰ ਵਲੋਂ ਗਰੀਬਾਂ ਨੂੰ ਅਤੇ ਪ੍ਰਭਾਵਿਤ ਉਦਯੋਗਾਂ ਲਈ ਹੋਰ ਰਾਹਤਾਂ ਦੇਣ ਦਾ ਐਲਾਨ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। 

Radio Mirchi