ਦੇਸ਼ ਦੇ ਧਰਮ ਨਿਰਪੱਖ ਢਾਂਚੇ ਨਾਲ ਖਿਲਵਾੜ ਨਹੀਂ ਕਰਨ ਦੇਵਾਂਗੇ: ਕੈਪਟਨ

ਦੇਸ਼ ਦੇ ਧਰਮ ਨਿਰਪੱਖ ਢਾਂਚੇ ਨਾਲ ਖਿਲਵਾੜ ਨਹੀਂ ਕਰਨ ਦੇਵਾਂਗੇ: ਕੈਪਟਨ

ਗਣਤੰਤਰ ਦਿਵਸ ਦਾ ਸੂਬਾ ਪੱਧਰੀ ਸਮਾਗਮ ਮੁਹਾਲੀ ਦੇ ਫੇਜ਼-6 ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਯਾਦਗਾਰੀ ਸਰਕਾਰੀ ਕਾਲਜ ਵਿੱਚ ਹੋਇਆ। ਸਮਾਰੋਹ ਮੌਕੇ ਸਲਾਮੀ ਲੈਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਮੌਜੂਦਾ ਸਮੇਂ ਦੌਰਾਨ ਕੁਝ ਵਿਰੋਧੀ ਸੁਰਾਂ ਉੱਠ ਰਹੀਆਂ ਹਨ ਪਰ ਫਿਰ ਵੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕੋਈ ਸੱਟ ਨਹੀਂ ਮਾਰ ਸਕਦਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਕੀਮਤ ’ਤੇ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਉਪਰੰਤ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਐਤਕੀਂ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਪਹਿਲੀ ਵਾਰ ਲੋਕਾਂ ਨੇ ਸਪੈਸ਼ਲ ਅਪਰੇਸ਼ਨਜ਼ ਗਰੁੱਪ (ਐਸਓਜੀ) ਦੀ ਝਾਕੀ ਦੇਖੀ।
ਅਟਾਰੀ (ਦਿਲਬਾਗ ਸਿੰਘ ਗਿੱਲ): ਗਣਤੰਤਰ ਦਿਵਸ ਮੌਕੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਮੁਕੰਦ ਕੁਮਾਰ ਝਾਅ ਨੇ ਅਟਾਰੀ ਸਰਹੱਦ ’ਤੇ ਤਿਰੰਗਾ ਝੰਡਾ ਲਹਿਰਾਇਆ ਅਤੇ ਸਲਾਮੀ ਦਿੱਤੀ। ਜਵਾਨਾਂ ਵੱਲੋਂ ‘ਗਾਰਡ ਆਫ ਆਨਰ’ ਦਿੱਤਾ ਗਿਆ।
ਇਸ ਮੌਕੇ ਕਮਾਂਡੈਂਟ ਮੁਕੰਦ ਕੁਮਾਰ ਝਾਅ ਨੇ ਗਣਤੰਤਰ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਜਵਾਨਾਂ ਨੂੰ ਮਠਿਆਈ ਭੇਟ ਕੀਤੀ। ਦੂਜੇ ਪਾਸੇ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਕਾਰਨ ਇਸ ਵਾਰ ਵੀ ਗਣਤੰਤਰ ਦਿਵਸ ਮੌਕੇ ਦੋਵਾਂ ਮੁਲਕਾਂ ਵਿਚਕਾਰ ਸਰਹੱਦੀ ਸੁਰੱਖਿਆ ਫੋਰਸਾਂ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਅਧਿਕਾਰੀਆਂ ਵਿਚਕਾਰ ਮਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਸਾਲ 15 ਅਗਸਤ ਨੂੰ ਵੀ ਪਾਕਿਸਤਾਨੀ ਰੇਂਜਰਾਂ ਨੇ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਗੁਰਦਾਸਪੁਰ (ਜਤਿੰਦਰ ਬੈਂਸ): 71ਵੇਂ ਗਣਤੰਤਰ ਦਿਵਸ ਮੌਕੇ ਰਾਜ ਪੱਧਰੀ ਸਮਾਰੋਹ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਖੇਡ ਸਟੇਡੀਅਮ ਵਿੱਚ ਹੋਇਆ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਕੌਮੀ ਝੰਡਾ ਫਹਿਰਾਉਣ ਦੀ ਰਸਮ ਨਿਭਾਈ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ।

Radio Mirchi