ਦੇਸ਼ ਨੂੰ ਭਵਿੱਖ ਮੁਖੀ ਬਣਾਏਗੀ ਨਵੀਂ ਸਿੱਖਿਆ ਨੀਤੀ: ਮੋਦੀ

ਦੇਸ਼ ਨੂੰ ਭਵਿੱਖ ਮੁਖੀ ਬਣਾਏਗੀ ਨਵੀਂ ਸਿੱਖਿਆ ਨੀਤੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਜਦੋਂ 2022 ’ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੋਵੇਗਾ ਤਾਂ ਸਾਰੇ ਵਿਦਿਆਰਥੀ ਨਵੀਂ ਸਿੱਖਿਆ ਨੀਤੀ (ਐੱਨਈਪੀ) ਤਹਿਤ ਬਣਾਏ ਗਏ ਢਾਂਚੇ ਅਧੀਨ ਪੜ੍ਹਾਈ ਕਰ ਰਹੇ ਹੋਣਗੇ ਤੇ ਇਹ ਸਿੱਖਿਆ ਨੀਤੀ ਦੇਸ਼ ਨੂੰ ਅਗਾਂਹ-ਵਧੂ, ਭਵਿੱਖ ਮੁਖੀ ਤੇ ਵਿਗਿਆਨਕ ਬਣਾਏਗੀ। ਨਵੀਂ ਸਿੱਖਿਆ ਨੀਤੀ-2020 ਅਧੀਨ ‘21ਵੀਂ ਸਦੀ ’ਚ ਸਕੂਲੀ ਸਿੱਖਿਆ’ ਵਿਸ਼ੇ ’ਤੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਬੱਚਿਆਂ ਨੂੰ ਘੱਟ ਤੋਂ ਘੱਟ 5ਵੀਂ ਜਮਾਤ ਤੱਕ ਉਨ੍ਹਾਂ ਦੀ ਮਾਂ-ਬੋਲੀ ਜਾਂ ਸਥਾਨਕ ਭਾਸ਼ਾ ’ਚ ਪੜ੍ਹਾਈ ਕਰਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ’ਚ ਕੋਈ ਵੀ ਭਾਸ਼ਾ ਸਿੱਖਣ ਦੀ ਰੋਕ ਨਹੀਂ ਹੈ ਅਤੇ ਬੱਚੇ ਅੰਗਰੇਜ਼ੀ ਜਾਂ ਕੋਈ ਹੋਰ ਕੌਮਾਂਤਰੀ ਭਾਸ਼ਾ ਆਪਣੀ ਸਹੂਲਤ ਅਨੁਸਾਰ ਚੁਣ ਸਕਦੇ ਹਨ। ਉਨ੍ਹਾਂ ਭਾਰਤੀ ਭਾਸ਼ਾਵਾਂ ਨੂੰ ਪ੍ਰਫੁੱਲਤ ਕਰਨ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, ‘ਲੰਘੇ ਤਿੰਨ ਦਹਾਕਿਆਂ ਦੌਰਾਨ ਦੁਨੀਆ ਬਹੁਤ ਬਦਲ ਗਈ ਹੈ ਪਰ ਸਾਡੀ ਸਿੱਖਿਆ ਨੀਤੀ ਅਜੇ ਵੀ ਪੁਰਾਣੀ ਹੈ। ਮੌਜੂਦਾ ਸਮੇਂ ‘ਮਾਰਕ ਸ਼ੀਟ’ ਵਿਦਿਆਰਥੀ ਲਈ ‘ਦਬਾਅ ਸ਼ੀਟ’ ਤੇ ਪਰਿਵਾਰ ਲਈ ‘ਵਕਾਰ ਵਾਲੀ ਸ਼ੀਟ’ ਬਣ ਚੁੱਕੀ ਹੈ। ਨਵੀਂ ਸਿੱਖਿਆ ਨੀਤੀ ਦਾ ਟੀਚਾ ਇਸ ਦਬਾਅ ਨੂੰ ਘਟਾਉਣ ਦਾ ਹੈ।’ ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ’ਚ ਨਵੇਂ ਯੁਗ ਦੇ ਨਿਰਮਾਣ ਦੇ ਬੀਜ ਪਏ ਹਨ ਅਤੇ ਇਹ 21ਵੀਂ ਸਦੀ ਦੇ ਭਾਰਤ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ (ਐੱਨਈਪੀ) ਨਵੇਂ ਭਾਰਤ ਦੀਆਂ, ਨਵੀਆਂ ਉਮੀਦਾਂ ਤੇ ਨਵੀਆਂ ਲੋੜਾਂ ਦੀ ਪੂਰਤੀ ਦਾ ਮਾਧਿਅਮ ਹੈ ਅਤੇ ਕੌਮੀ ਸਿੱਖਿਆ ਨੀਤੀ ਦੀ ਇਸ ਯਾਤਰਾ ਦੇ ਰਾਹ ਦਸੇਰੇ ਦੇਸ਼ ਦੇ ਅਧਿਆਪਕ ਹਨ। ਸ੍ਰੀ ਮੋਦੀ ਨੇ ਕਿਹਾ ਕਿ ਐੱਨਈਪੀ ’ਚ ਬੱਚਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ’ਚ ਸਿੱਖਣ, ਗਤੀਵਿਧੀਆਂ ਤੇ ਖੋਜ ’ਤੇ ਜ਼ੋਰ ਦਿੱਤਾ ਗਿਆ ਹੈ। 

Radio Mirchi