ਦੇਸ਼ ਭਰ ’ਚ ਫੈਲਿਆ ਵਿਦਿਆਰਥੀ ਰੋਹ
ਦਿੱਲੀ ਸਥਿਤ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਖ਼ਿਲਾਫ਼ ਪੁਲੀਸ ਕਾਰਵਾਈ ਤੇ ਵਿਵਾਦਤ ਨਾਗਰਿਕਤਾ ਸੋਧ ਐਕਟ ਵਿਰੁੱਧ ਰੋਸ ਹੁਣ ਮੁਲਕ ਦੇ ਹੋਰਨਾਂ ਕੈਂਪਸਾਂ ਵਿਚ ਵੀ ਫ਼ੈਲ ਗਿਆ ਹੈ। ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਤੇ ਸਿਵਲ ਸੁਸਾਇਟੀ ਕਾਰਕੁਨ ਵੀ ਵਿਦਿਆਰਥੀਆਂ ਦਾ ਸਮਰਥਨ ਕਰ ਰਹੇ ਹਨ। ਕੌਮੀ ਰਾਜਧਾਨੀ ਦੀ ‘ਨਿਊ ਫਰੈਂਡਜ਼ ਕਲੋਨੀ’ ’ਚ ਹਿੰਸਾ ਹੋਣ ਤੋਂ ਬਾਅਦ ਪੁਲੀਸ ਦੀ ਕਾਰਵਾਈ ਤੇ ਐਕਟ ਖ਼ਿਲਾਫ਼ ਰੋਹ ਕੇਰਲ ਤੋਂ ਲੈ ਕੇ ਪੱਛਮੀ ਬੰਗਾਲ ਅਤੇ ਤਿਲੰਗਾਨਾ ਤੋਂ ਉੱਤਰ ਪ੍ਰਦੇਸ਼ ਤੱਕ ਫ਼ੈਲ ਗਿਆ ਹੈ। ਜਾਮੀਆ ਦੀ ਲਾਇਬਰੇਰੀ ’ਚ ਪੁਲੀਸ ਵੱਲੋਂ ਅੱਥਰੂ ਗੈਸ ਦੀ ਵਰਤੋਂ ਤੇ ਕੈਂਪਸ ’ਚ ਬਿਨਾਂ ਇਜਾਜ਼ਤ ਪੁਲੀਸ ਦੇ ਦਾਖ਼ਲ ਹੋਣ ਮਗਰੋਂ ਹਜ਼ਾਰਾਂ ਵਿਦਿਆਰਥੀ ਇਸ ਮਾਮਲੇ ਦੀ ਜਾਂਚ ਦੀ ਮੰਗ ਲੈ ਕੇ ਸੜਕਾਂ ’ਤੇ ਨਿਕਲ ਆਏ ਹਨ। ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਵਿਆਪਕ ਪੱਧਰ ’ਤੇ ਹਿੰਸਾ ਹੋਈ ਹੈ। ਲਖ਼ਨਊ ਦੇ ਨਦਵਾਤੁੱਲ ਉਲਾਮਾ ਮਦਰੱਸੇ ’ਚ ਵਿਦਿਆਰਥੀ ਅੱਜ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਤੇ ਜਾਮੀਆ ਦੇ ਵਿਦਿਆਰਥੀਆਂ ਦੀ ਹਮਾਇਤ ’ਚ ਰੋਸ ਪ੍ਰਗਟਾਉਂਦਿਆਂ ਸੜਕਾਂ ’ਤੇ ਨਿਕਲ ਆਏ। ਇਸ ਦੌਰਾਨ ਜਦ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਦਰੱਸੇ ਦੇ ਗੇਟ ’ਤੇ ਖੜ੍ਹੇ ਪੁਲੀਸ ਕਰਮੀਆਂ ਵੱਲ ਵਿਦਿਆਰਥੀਆਂ ਨੇ ਪੱਥਰ ਸੁੱਟੇ। ਦੋਵਾਂ ਪਾਸਿਓਂ ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਲਖ਼ਨਊ ਦੇ ਐੱਸਐੱਸਪੀ ਨੇ ਸਥਿਤੀ ਨੂੰ ਕਾਬੂ ਹੇਠ ਦੱਸਿਆ ਹੈ। ਏਐੱਮਯੂ ’ਚ 21 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਤਿੰਨ ਸੰਵੇਦਨਸ਼ੀਲ ਜ਼ਿਲ੍ਹਿਆਂ- ਅਲੀਗੜ੍ਹ, ਸਹਾਰਨਪੁਰ ਤੇ
ਮੇਰਠ ’ਚ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ। ਯੂਪੀ ਪੁਲੀਸ ਦੇ ਮੁਖੀ ਓ.ਪੀ. ਸਿੰਘ ਨੇ ਕਿਹਾ ਕਿ ਏਐੱਮਯੂ ’ਚ ਐਤਵਾਰ ਰਾਤ ਨੂੰ ਪੁਲੀਸ ਤੇ ਵਿਦਿਆਰਥੀਆਂ ਵਿਚਾਲੇ ਹੋਏ ਟਕਰਾਅ ਮਗਰੋਂ ’ਵਰਸਿਟੀ ਨੂੰ 5 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਨੇ 56 ਤੋਂ ਵੱਧ ਜਣਿਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਏਐੱਮਯੂ ਦੇ ਹੋਸਟਲ ਖ਼ਾਲੀ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਅਧਿਕਾਰੀਆਂ ਮੁਤਾਬਕ ਹਿੰਸਕ ਪ੍ਰਦਰਸ਼ਨਾਂ ਵਿਚ ਕਰੀਬ 60 ਵਿਦਿਆਰਥੀ ਜ਼ਖ਼ਮੀ ਹੋਏ ਹਨ। ਏਐੱਮਯੂ ਨੂੰ ਪੁਲੀਸ ਨੇ ‘ਸੀਲ’ ਕਰ ਦਿੱਤਾ ਹੈ ਤੇ ਸਖ਼ਤ
ਨਿਗਰਾਨੀ ਕੀਤੀ ਜਾ ਰਹੀ ਹੈ। ਏਐੱਮਯੂ ਦੇ ਰਜਿਸਟਰਾਰ ਅਬਦੁੱਲ ਹਮੀਦ ਨੇ ਕਿਹਾ ਕਿ ਪੁਲੀਸ ਐਤਵਾਰ ਰਾਤ ਕੈਂਪਸ ਵਿਚ ਦਾਖ਼ਲ ਹੋਈ ਤੇ ਅੰਦਰ ਹੀ ਹਿੰਸਕ ਟਕਰਾਅ ਹੋਇਆ। ਅੱਥਰੂ ਗੈਸ ਨਾਲ ਜ਼ਿਆਦਾਤਰ ਵਿਦਿਆਰਥੀ ਫੱਟੜ ਹੋਏ ਹਨ। ਜਾਮੀਆ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੀ ਏਐੱਮਯੂ ਵਿਚ ਹਿੰਸਕ ਟਕਰਾਅ ਹੋਇਆ ਹੈ। ਦਿੱਲੀ ਯੂਨੀਵਰਸਿਟੀ ਦੇ ਵੀ ਕਈ ਵਿਦਿਆਰਥੀਆਂ ਨੇ ਅੱਜ ਪ੍ਰੀਖਿਆਵਾਂ ਦਾ ਬਾਈਕਾਟ ਕੀਤਾ ਤੇ ਉੱਤਰੀ ਕੈਂਪਸ ਦੀ ਆਰਟਸ ਫੈਕਲਟੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਜਾਰੀ ਅੰਦੋਲਨ ਨਾਲ ਸਮਰਥਨ ਪ੍ਰਗਟਾਇਆ। ਜੇਐੱਨਯੂ ਦੇ ਵਿਦਿਆਰਥੀ ਪਹਿਲਾਂ ਹੀ ਜਾਮੀਆ ਦੇ ਵਿਦਿਆਰਥੀਆਂ ਦੀ ਹਮਾਇਤ ’ਚ ਸੜਕਾਂ ’ਤੇ ਨਿਕਲੇ ਹੋਏ ਹਨ।