ਦੇਸ਼ ’ਚ ਪੀੜਤਾਂ ਦੀ ਗਿਣਤੀ 137 ਹੋਈ
ਮੁੰਬਈ ਵਿੱਚ 69 ਵਰ੍ਹਿਆਂ ਦੇ ਵਿਅਕਤੀ ਦੀ ਅੱਜ ਕਰੋਨਾਵਾਇਰਸ ਕਾਰਨ ਮੌਤ ਹੋਣ ਨਾਲ ਭਾਰਤ ਵਿੱਚ ਇਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਤਿੰਨ ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਕਰੋਨਾਵਾਇਰਸ ਪੀੜਤਾਂ ਦੀ ਗਿਣਤੀ ਵਧ ਕੇ 137 ਹੋ ਗਈ ਹੈ, ਜਿਸ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਇਹਤਿਆਤ ਵਜੋਂ ਅਦਾਰੇ ਬੰਦ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਸੋਮਵਾਰ ਨੂੰ ਯੂਰੋਪੀ ਮੁਲਕਾਂ, ਤੁਰਕੀ ਅਤੇ ਯੂਕੇ ਤੋਂ 18 ਮਾਰਚ ਤੋਂ 31 ਮਾਰਚ ਤੱਕ ਯਾਤਰੀਆਂ ਦੇ ਆਉਣ ’ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਹੁਣ ਅਫ਼ਗਾਨਿਸਤਾਨ, ਫਿਲਪੀਨਜ਼ ਅਤੇ ਮਲੇਸ਼ੀਆ ’ਤੇ ਵੀ ਤੁਰੰਤ ਪ੍ਰਭਾਵ ਨਾਲ ਯਾਤਰੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਗਈ ਹੈ।
ਕੁਝ ਦਿਨ ਪਹਿਲਾਂ ਤੱਕ ਬਿਲਕੁਲ ਹੀ ਅਣਸੁਣਿਆ ਸ਼ਬਦ ‘ਸਮਾਜਿਕ ਦੂਰੀ’ ਹੁਣ ਜਨਤਕ ਸਥਾਨਾਂ ’ਤੇ ਆਮ ਵਰਤਿਆ ਜਾ ਰਿਹਾ ਹੈ। ਹਰ ਤਰ੍ਹਾਂ ਦੇ ਅਦਾਰੇ ਅਤੇ ਘੁੰਮਣ ਫਿਰਨ ਵਾਲੀਆਂ ਥਾਵਾਂ ਬੰਦ ਹੋਣ ਕਾਰਨ ਕਈ ਹਜ਼ਾਰਾਂ ਲੋਕ ਅਗਲੇ ਕੁਝ ਦਿਨਾਂ ਦੌਰਾਨ ਆਪਣੇ ਘਰਾਂ ਵਿੱਚ ਹੀ ਆਨਲਾਈਨ ਕੰਮ ਕਰੇ ਰਹੇ ਹਨ ਜਾਂ ਪੜ੍ਹਾਈ ਕਰ ਰਹੇ ਹਨ। ਅਧਿਕਾਰੀਆਂ ਅਨੁਸਾਰ ਮੁੰਬਈ ਵਿੱਚ ਕੋਵਿਡ-19 ਕਾਰਨ ਇਹ ਪਹਿਲੀ ਮੌਤ ਹੈ। ਇਹ ਵਿਅਕਤੀ ਦੁਬਈ ਤੋਂ ਸਫ਼ਰ ਕਰਕੇ ਪਰਤਿਆ ਸੀ। ਇਸ ਵਿਅਕਤੀ ਦੀ ਪਤਨੀ ਵੀ ਕਰੋਨਾਵਾਇਰਸ ਤੋਂ ਪੀੜਤ ਹੈ ਪਰ ਉਸ ਦੀ ਹਾਲਤ ਸਥਿਰ ਹੈ। ਇਹ ਵਿਅਕਤੀ ਪੰਜ ਦਿਨ ਨਿੱਜੀ ਹਸਪਤਾਲ ਵਿੱਚ ਦਾਖ਼ਲ ਰਿਹਾ ਅਤੇ ਬਾਅਦ ਵਿੱਚ ਇਸ ਨੂੰ ਮੁੰਬਈ ਦੇ ਕਸਤੂਰਬਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਜਦੋਂ ਇਸ ਵਿਅਕਤੀ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਸੀ ਤਾਂ ਉਸ ਵੇਲੇ ਇਸ ਨੇ ਆਪਣੀ ਦੁਬਈ ਫੇਰੀ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਮਹਾਰਾਸ਼ਟਰ ਸੂਬੇ ਵਿੱਚ ਕਰੋਨਾਵਾਇਰਸ ਦੇ ਦੇਸ਼ ਭਰ ’ਚੋਂ ਸਭ ਤੋਂ ਵੱਧ 39 ਕੇਸ ਹਨ। ਭਾਰਤ ਵਿਚਲੇ 126 ਕੇਸ ਦੇਸ਼ ਦੇ 15 ਸੁੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਨ। ਪੀੜਤਾਂ ਵਿੱਚ 22 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਚੀਫ ਮੈਡੀਕਲ ਅਫਸਰ ਅਨੁਰਾਗ ਭਾਰਗਵ ਨੇ ਦੱਸਿਆ ਕਿ ਨਵੇਂ ਕੇਸਾਂ ਵਿੱਚ ਦੋ ਜਣੇ ਨੋਇਡਾ ਤੋਂ ਹਨ, ਜਿਨ੍ਹਾਂ ’ਚੋਂ ਇੱਕ ਫਰਾਂਸ ਤੋਂ ਪਰਤਿਆ ਹੈ ਅਤੇ ਪਹਿਲਾਂ ਹੀ ਵੱਖਰੇ ਤੌਰ ’ਤੇ ਰਹਿ ਰਿਹਾ ਹੈ। ਦੂਜੇ ਮਰੀਜ਼ ਨੂੰ ਵੀ ਵੱਖਰੇ ਤੌਰ ’ਤੇ ਰੱਖਿਆ ਗਿਆ ਹੈ। ਬੰਗਲੁਰੂ ਵਿੱਚ ਸੋਮਵਾਰ ਰਾਤ ਦੋ ਹੋਰ ਵਿਅਕਤੀ ਕੋਵਿਡ-19 ਤੋਂ ਪੀੜਤ ਪਾਏ ਗਏ। ਕਰਨਾਟਕ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਕਰਨਾਟਕ ਵਿੱਚ ਦੋ ਨਵੇਂ ਮਰੀਜ਼ਾਂ ਨਾਲ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 10 ਹੋ ਗਈ ਹੈ। ਨਵੇਂ ਮਰੀਜ਼ਾਂ ਵਿੱਚ ਇੱਕ 20 ਵ੍ਹਰਿਆਂ ਦੀ ਮੁਟਿਆਰ ਸ਼ਾਮਲ ਹੈ, ਜੋ ਯੂਕੇ ਤੋਂ ਪਰਤੀ ਹੈ ਅਤੇ ਦੂਜਾ ਪੀੜਤ ਕਲਬੁਰਗੀ ਦੇ ਮ੍ਰਿਤਕ ਦੇ ਸੰਪਰਕ ਵਿੱਚ ਆਇਆ 60 ਵਰ੍ਹਿਆਂ ਦਾ ਵਿਅਕਤੀ ਹੈ। ਕੇਂਦਰੀ ਮੰਤਰਾਲੇ ਅਨੁਸਾਰ ਹੁਣ ਤੱਕ ਕਰੋਨਾਵਾਇਰਸ ਤੋਂ ਪੀੜਤ 13 ਲੋਕਾਂ ਨੂੰ ਸਿਹਤਯਾਬ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਕੇਰਲ ਵਿੱਚ ਕੁੱਲ 24 ਮਰੀਜ਼ ਹਨ। ਉੱਤਰ ਪ੍ਰਦੇਸ਼ ਵਿੱਚ ਰਾਜ ਸਰਕਾਰ ਨੇ 2 ਅਪਰੈਲ ਤੱਕ ਸਾਰੇ ਸਿੱਖਿਆ ਅਦਾਰੇ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਬੰਦ ਕਰ ਦਿੱਤੀਆਂ ਹਨ। ਸਾਰੇ ਇਮਤਿਹਾਨ ਵੀ 2 ਅਪਰੈਲ ਤੱਕ ਮੁਲਤਵੀ ਕਰ ਦਿੱਤੇ ਹਨ। ਇਸੇ ਦੌਰਾਨ ਕੋਵਿਡ-19 ਤੋਂ ਇਹਤਿਆਤ ਅਤੇ ਯਾਤਰੀਆਂ ਦੀ ਸੰਖਿਆ ਘੱਟ ਹੋਣ ਦੇ ਮੱਦੇਨਜ਼ਰ ਕੇਂਦਰੀ ਰੇਲਵੇ ਵਲੋਂ 23 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਕੇਂਦਰੀ ਰੇਲਵੇ ਅਤੇ ਪੱਛਮੀ ਰੇਲਵੇ ਨੇ ਪਲੇਟਫਾਰਮ ਟਿਕਟ ਦੇ ਰੇਟ ਵਿੱਚ ਵੱਡਾ ਵਾਧਾ ਕਰਦਿਆਂ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੇ ਹਨ।