ਦੇਸ਼ਧ੍ਰੋਹ ਮਾਮਲਾ: ਜ਼ੁਬਾਨਬੰਦੀ ਖ਼ਿਲਾਫ਼ ਆਵਾਜ਼ ਉਠਾਉਣ ਦਾ ਅਹਿਦ
ਮੁੰਬਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੁਲਾਈ ’ਚ ਖੁੱਲ੍ਹਾ ਪੱਤਰ ਲਿਖਣ ਵਾਲੀਆਂ 49 ਮਸ਼ਹੂਰ ਹਸਤੀਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤੇ ਜਾਣ ਦੀ ਸਭਿਆਚਾਰਕ ਭਾਈਚਾਰੇ ਦੇ 180 ਤੋਂ ਵੱਧ ਮੈਂਬਰਾਂ ਨੇ ਜ਼ੋਰਦਾਰ ਨਿੰਦਾ ਕੀਤੀ ਹੈ। ਨਿੰਦਾ ਕਰਨ ਵਾਲਿਆਂ ਵਿੱਚ ਅਦਾਕਾਰ ਨਸੀਰੂਦੀਨ ਸ਼ਾਹ, ਸਿਨੇਮਾਟੋਗ੍ਰਾਫਰ ਆਨੰਦ ਪ੍ਰਧਾਨ, ਇਤਿਹਾਸਕਾਰ ਰੋਮਿਲਾ ਥਾਪਰ ਅਤੇ ਕਾਰਕੁਨ ਹਰਸ਼ ਮੰਡੇਰ ਆਦਿ ਸ਼ਾਮਲ ਹਨ।
ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਨਿਰਦੇਸ਼ਕਾਂ ਅਪਰਨਾ ਸੇਨ, ਅਦੂਰ ਗੋਪਾਲ ਕ੍ਰਿਸ਼ਨਨ, ਲੇਖਕ ਰਾਮਚੰਦਰ ਗੁਹਾ, ਫਿਲਮਸਾਜ਼ ਮਨੀ ਰਤਨਮ, ਅਨੁਰਾਗ ਕਸ਼ਯਪ, ਸ਼ਿਆਮ ਬੈਨੇਗਲ, ਅਦਾਕਾਰ ਸੌਮਿੱਤਰਾ ਚੈਟਰਜੀ ਅਤੇ ਵੋਕਲਿਸਟ ਸ਼ੁਭਾ ਮੁਦਗਲ ਸਣੇ 49 ਹਸਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਲੋਂ ਖੁੱਲ੍ਹੇ ਪੱਤਰ ਰਾਹੀਂ ਦੇਸ਼ ਵਿੱਚ ਵਧ ਰਹੀਆਂ ਹਜੂਮੀ ਹਿੰਸਾ ਦੀਆਂ ਘਟਨਾਵਾਂ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ। ਇਨ੍ਹਾਂ ’ਤੇ ‘‘ਦੇਸ਼ ਦਾ ਅਕਸ ਖ਼ਰਾਬ ਕਰਨ ਅਤੇ ਪ੍ਰਧਾਨ ਮੰਤਰੀ ਦੀ ਬਿਹਤਰੀਨ ਕਾਰਗੁਜ਼ਾਰੀ ਨੂੰ ਕਮਜ਼ੋਰ ਕਰਨ’’ ਦੇ ਦੋਸ਼ ਲੱਗੇ ਹਨ। ਸਭਿਆਚਾਰਕ ਭਾਈਚਾਰੇ ਦੀਆਂ ਹਸਤੀਆਂ ਨੇ 7 ਅਕਤੂਬਰ ਨੂੰ ਜਾਰੀ ਪੱਤਰ ਵਿੱਚ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੂੰ ਲਿਖੇ ਖੁੱਲ੍ਹੇ ਪੱਤਰ ਨੂੰ ‘ਦੇਸ਼ ਧ੍ਰੋਹ ਦੀ ਕਾਰਵਾਈ’ ਕਿਵੇਂ ਕਿਹਾ ਜਾ ਸਕਦਾ ਹੈ। ਤਾਜ਼ਾ ਪੱਤਰ ਵਿੱਚ ਕਿਹਾ ਗਿਆ ਹੈ, ‘‘ਸਭਿਆਚਾਰਕ ਭਾਈਚਾਰੇ ਦੇ ਸਾਡੇ 49 ਸਾਥੀਆਂ ਖ਼ਿਲਾਫ਼ ਕੇਵਲ ਇਸ ਕਰਕੇ ਐੱਫਆਈਆਰ ਦਰਜ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਨੇ ਸਮਾਜ ਦੇ ਸਨਮਾਨਯੋਗ ਮੈਂਬਰ ਹੋਣ ਕਾਰਨ ਆਪਣਾ ਫ਼ਰਜ਼ ਨਿਭਾਇਆ। ਉਨ੍ਹਾ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਵਿੱਚ ਹੁੰਦੀ ਹਜੂਮੀ ਹਿੰਸਾ ’ਤੇ ਚਿੰਤਾ ਪ੍ਰਗਟਾਉਂਦਿਆਂ ਖੁੱਲ੍ਹਾ ਪੱਤਰ ਲਿਖਿਆ। ਕੀ ਇਸ ਨੂੰ ਦੇਸ਼ ਧ੍ਰੋਹ ਦੀ ਕਰਵਾਈ ਕਿਹਾ ਜਾ ਸਕਦਾ ਹੈ? ਜਾਂ ਨਾਗਰਿਕਾਂ ਦੀ ਆਵਾਜ਼ ਬੰਦ ਕਰਾਉਣ ਦੀ ਚਾਲ ਤਹਿਤ ਅਦਾਲਤਾਂ ਦੀ ਦੁਰਵਰਤੋਂ ਕਰਕੇ ਸ਼ੋਸ਼ਣ ਕਰਨਾ ਕਿਹਾ ਜਾ ਸਕਦਾ ਹੈ? ਇਸ ਪੱਤਰ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਲੇਖਕ ਅਸ਼ੋਕ ਵਾਜਪਾਈ ਤੇ ਜੈਰੀ ਪਿੰਟੂ, ਬੁੱਧੀਜੀਵੀ ਇਰਾ ਭਾਸਕਰ, ਕਵੀ ਜੀਤ ਥਾਯਿਲ, ਲੇਖਕ ਸ਼ਮਸ਼ੁਲ ਇਸਲਾਤ, ਸੰਗੀਤਕਾਰ ਟੀਐੱਮ ਕ੍ਰਿਸ਼ਨ ਤੇ ਫਿਲਮਸਾਜ਼ ਸਬਾ ਦੇਵਨ ਆਦਿ ਸ਼ਾਮਲ ਹਨ। ਇਨ੍ਹਾਂ ਨੇ ਲੋਕਾਂ ਦੀ ਆਵਾਜ਼ ਬੰਦ ਕਰਾਉਣ ਦੀਆਂ ਕਾਰਵਾਈਆਂ ਖ਼ਿਲਾਫ਼ ਆਵਾਜ਼ ਚੁੱਕਦੇ ਰਹਿਣ ਦਾ ਅਹਿਦ ਲਿਆ।
ਤਿਰੂਵਨੰਤਪੁਰਮ: ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ 49 ਹਸਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨ ਵਾਲਿਆਂ ਨੂੰ ‘ਦੇਸ਼-ਵਿਰੋਧੀ’ ਨਹੀਂ ਮੰਨਿਆ ਜਾਣਾ ਚਾਹੀਦਾ। ਥਰੂਰ ਨੇ ਮੋਦੀ ਨੂੰ ਹਰ ਹਾਲ ਵਿੱਚ ‘ਪ੍ਰਗਟਾਵੇ ਦੀ ਆਜ਼ਾਦੀ ਨੂੰ ਯਕੀਨੀ ਬਣਾਏ ਰੱਖਣ’ ਲਈ ਆਖਿਆ ਭਾਵੇਂ ਉਹ ਉਨ੍ਹਾਂ ਜਾਂ ਉਨ੍ਹਾਂ ਦੀ ਸਰਕਾਰ ਨਾਲ ਅਸਹਿਮਤੀ ਵਾਲੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੀ ਕਿਉਂ ਨਾ ਹੋਵੇ।
ਬੰਗਲੁਰੂ: ਕਰਨਾਟਕ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਰਾਜੀਵ ਗੌੜਾ ਨੇ 49 ‘ਚਿੰਤਤ ਭਾਰਤੀ ਨਾਗਰਿਕਾਂ’ ਖ਼ਿਲਾਫ਼ ਦਰਜ ਐੱਫਆਈਆਰ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਸਵਾਲ ਕੀਤਾ ਕਿ ਕੀ ‘ਨਯਾ ਭਾਰਤ’ ਵਿੱਚ ਸਰਕਾਰ ਜਾਂ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਹਰ ਨਾਗਰਿਕ ਖ਼ਿਲਾਫ਼ ਐੱਫਆਈਆਰਜ਼ ਦਰਜ ਕੀਤੀਆਂ ਜਾਣਗੀਆਂ। ਉਨ੍ਹਾਂ ਮੋਦੀ ਨੂੰ ਆਲੋਚਨਾ ਦਾ ਸਵਾਗਤ ਕਰਨ ਦਾ ਜਨਤਕ ਸਟੈਂਡ ਲੈ ਕੇ ਮੁਲਕ ਨੂੰ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਆਪਣੀ ਵੱਚਨਬੱਧਤਾ ਦਾ ਯਕੀਨ ਦਿਵਾਉਣ ਲਈ ਆਖਿਆ।