ਦੋ ਦਿਨ ਪਹਿਲਾਂ ਹੋਇਆ ਵਿਆਹ, ਅੱਜ ਜਥੇ ਦੇ ਨਾਲ ਦਿੱਲੀ ਰਵਾਨਾ ਹੋਵੇਗਾ ਗਾਇਕ ਜੱਸ ਬਾਜਵਾ

ਦੋ ਦਿਨ ਪਹਿਲਾਂ ਹੋਇਆ ਵਿਆਹ, ਅੱਜ ਜਥੇ ਦੇ ਨਾਲ ਦਿੱਲੀ ਰਵਾਨਾ ਹੋਵੇਗਾ ਗਾਇਕ ਜੱਸ ਬਾਜਵਾ

ਜਲੰਧਰ  : ਕਿਸਾਨਾਂ ਅੰਦੋਲਨ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੇ ਪੰਜਾਬੀ ਕਲਾਕਾਰਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਬੱਬੂ ਮਾਨ, ਅੰਮ੍ਰਿਤ ਮਾਨ, ਰਣਜੀਤ ਬਾਵਾ, ਕੰਵਰ ਗਰੇਵਾਲ, ਹਰਫ ਚੀਮਾ ਵਰਗੇ ਅਨੇਕਾਂ ਕਲਾਕਾਰ ਦਿੱਲੀ ਪਹੁੰਚ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਗਾਇਕ ਤੇ ਅਦਾਕਾਰ ਜੱਸ ਬਾਜਵਾ ਵੀ ਅੱਜ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋ ਜਾਣਗੇ। ਇਸ ਗੱਲ ਦੀ ਜਾਣਕਾਰੀ ਖ਼ੁਦ ਜੱਸ ਬਾਜਵਾ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਟੋਰੀ ਸਾਂਝੀ ਕਰਕੇ ਦਿੱਤੀ ਹੈ। ਇਸ ਸਟੋਰੀ 'ਚ ਲਿਖਿਆ ਗਿਆ ਹੈ, 'ਅੱਜ ਸ਼ਾਮ ਨੂੰ ਦਿੱਲੀ ਨੂੰ ਰਵਾਨਾ ਹੋਣਾ ਅਸੀਂ। ਆਲੇ-ਦੁਆਲੇ ਦੇ ਪਿੰਡਾਂ 'ਚੋਂ ਸੰਗਤ ਦਾ ਕਾਫ਼ਲਾ ਲੈ ਕੇ ਜੇ ਕੋਈ ਵੀਰ-ਭਰਾ ਜਾਣਾ ਚਾਹੁੰਦਾ ਤਾਂ ਉਹ ਸਾਡੇ ਨੰਬਰ 'ਤੇ ਜਾਣਕਾਰੀ ਲਈ ਫੋਨ ਕਰ ਸਕਦਾ ਹੈ। ਅਸੀਂ ਆਪਣਾ ਜੱਥਾ ਸ਼ੰਭੂ ਬਾਰਡਰ ਤੋਂ ਲੈ ਕੇ ਜਾਵਾਂਗੇ ਜੀ। ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ।' ਦੱਸ ਦਈਏ ਕਿ ਇਸ ਪੋਸਟ ਨਾਲ ਉਨ੍ਹਾਂ ਨੇ ਆਪਣਾ ਫੋਨ ਨੰਬਰ ਵੀ ਸਂਝਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਹੋਰ ਪੋਸਟ 'ਚ ਆਪਣੇ ਵਿਆਹ ਬਾਰੇ ਵੀ ਦੱਸਿਆ ਸੀ।
ਦੱਸ ਦਈਏ ਕਿ ਜੱਸ ਬਾਜਵਾ ਨੇ ਸ਼ੁਰੂ ਤੋਂ ਹੀ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਹੈ। ਬੀਤੇ ਦਿਨੀਂ ਜੱਸ ਬਾਜਵਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ। ਜੱਸ ਬਾਜਵਾ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਹਨ। ਇਸ ਗੱਲ ਦੀ ਜਾਣਕਾਰੀ ਜੱਸ ਬਾਜਵਾ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਪਾ ਦਿੱਤੀ ਹੈ। ਸਟੋਰੀ 'ਚ ਸਾਂਝੀ ਕੀਤੀ ਤਸਵੀਰ 'ਚ ਜੱਸ ਬਾਜਵਾ ਆਪਣੀ ਧਰਮ ਪਤਨੀ ਨਾਲ ਨਜ਼ਰ ਆ ਰਹੇ। ਵੀਡੀਓ 'ਚ ਜੱਸ ਬਾਜਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪਤਨੀ ਨਾਲ ਲਾਵਾਂ ਲੈਂਦੇ ਹੋਏ ਨਜ਼ਰ ਆਏ ਸਨ।
ਦੱਸਣਯੋਗ ਹੈ ਕਿ ਜੱਸ ਬਾਜਵਾ ਨੇ ਸਾਲ 2014 'ਚ ਆਪਣੀ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਐਲਬਮ 'ਚੱਕਵੀ ਮੰਡੀਰ' ਨਾਲ ਕੀਤੀ। ਇਸ ਐਲਬਮ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਅਤੇ ਇਸ ਐਲਬਮ ਦੇ ਗੀਤ 'ਕੈਟ-ਵਾਕ' ਅਤੇ 'ਚੱਕਵੀ ਮੰਡੀਰ' ਨੌਜਵਾਨਾਂ 'ਚ ਕਾਫ਼ੀ ਮਕਬੂਲ ਹੋਏ ਸਨ। ਇਸ ਤੋਂ ਇਲਾਵਾ ਜੱਸ ਬਾਜਵਾ 'ਫੀਮ ਦੀ ਡਲੀ', 'ਕਿਸਮਤ', 'ਟੋਲਾ' ਅਤੇ 'ਤੇਰਾ ਟਾਈਮ' ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਆਪਣੇ ਆਪ ਨੂੰ ਇਕ ਗਾਇਕ ਵਜੋਂ ਸਥਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ 'ਚ ਆਪਣੀ ਕਿਸਮਤ ਅਜ਼ਮਾਈ ਅਤੇ ਸਾਲ 2017 'ਚ ਪੰਜਾਬੀ ਫ਼ਿਲਮ 'ਠੱਗ ਲਾਈਫ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।

Radio Mirchi